Shilpa Shetty-Raj Kundra: ਬਾਲੀਵੁੱਡ ਐਕਟਰੈੱਸ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਇੱਕ ਵਾਰ ਫਿਰ ਤੋਂ ਵਿਵਾਦ ਦੇ ਵਿੱਚ ਘਿਰ ਗਏ ਹਨ। ਉਨ੍ਹਾਂ ਉੱਤੇ 60 ਕਰੋੜ ਦੀ ਧੋਖਾਧੜੀ ਕਰਨ ਦਾ ਕੇਸ ਦਰਜ ਹੋ ਗਿਆ ਹੈ। ਮੁੰਬਈ ਦੇ ਇੱਕ ਬਿਜ਼ਨਸਮੈਨ ਦੀਪਕ ਕੋਠਾਰੀ ਨੇ ਦੋਹਾਂ ਦੇ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਹੈ। ਕੋਠਾਰੀ ਦਾ ਕਹਿਣਾ ਹੈ ਕਿ ਬਿਜ਼ਨਸ ਕਰਨ ਲਈ ਦਿੱਤੇ 60 ਕਰੋੜ ਰੁਪਏ ਜੋੜੇ ਨੇ ਨਿੱਜੀ ਖਰਚਾਂ 'ਚ ਖਰਚ ਕਰ ਦਿੱਤੇ। ਸ਼ਿਲਪਾ ਅਤੇ ਰਾਜ ਦੇ ਨਾਲ ਇੱਕ ਹੋਰ ਵਿਅਕਤੀ ਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ। ਆਓ ਜਾਣੀਏ ਕਿ ਅਸਲ ਮਾਮਲਾ ਕੀ ਹੈ।

ਬਿਜ਼ਨਸ ਡੀਲ ਲਈ ਪੈਸੇ ਦਿੱਤੇ ਗਏ ਸਨ

ਦੀਪਕ ਕੋਠਾਰੀ ਨੇ ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਸ਼ਿਲਪਾ ਅਤੇ ਰਾਜ ਦੀ ਕੰਪਨੀ Best Deal TV Pvt. Ltd ਨਾਲ ਉਨ੍ਹਾਂ ਦੀ ਬਿਜ਼ਨਸ ਡੀਲ ਹੋਈ ਸੀ। ਇਸ ਦੇ ਤਹਿਤ 2015 ਤੋਂ 2023 ਦੇ ਦੌਰਾਨ ਬਿਜ਼ਨਸ ਵਧਾਉਣ ਦੇ ਨਾਂ ‘ਤੇ ਉਨ੍ਹਾਂ ਨੂੰ 60 ਕਰੋੜ ਦੀ ਰਕਮ ਦਿੱਤੀ ਗਈ ਸੀ। ਪਰ ਬਿਜ਼ਨਸ ਨੂੰ ਅੱਗੇ ਵਧਾਉਣ ਦੀ ਬਜਾਏ ਜੋੜੇ ਨੇ ਪੈਸਿਆਂ ਨੂੰ ਆਪਣੇ ਨਿੱਜੀ ਖਰਚਾਂ ਵਿੱਚ ਖਰਚ ਕਰ ਦਿੱਤਾ।

EOW ਨੂੰ ਮਾਮਲੇ ਦੀ ਜਾਂਚ ਸੌਂਪੀ ਗਈ

ਪੁਲਿਸ ਅਧਿਕਾਰੀ ਦੇ ਮੁਤਾਬਕ ਹੁਣ EOW ਨੂੰ ਮਾਮਲੇ ਦੀ ਜਾਂਚ ਸੌਂਪ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੀ ਕੜੀ ਜਾਂਚ ਕੀਤੀ ਜਾ ਰਹੀ ਹੈ। ਇਸਦੇ ਨਾਲ, ਕੋਠਾਰੀ ਦੇ ਮੁਤਾਬਕ ਸ਼ਿਲਪਾ ਅਤੇ ਰਾਜ ਨਾਲ ਉਨ੍ਹਾਂ ਦੀ ਇੱਕ ਏਜੰਟ ਨੇ ਮੀਟਿੰਗ ਕਰਵਾਈ ਸੀ। ਇਸ ਤੋਂ ਬਾਅਦ ਬਿਜ਼ਨਸ ਡੀਲ ਦੀ ਗੱਲ ਸ਼ੁਰੂ ਹੋਈ। ਉਸ ਤੋਂ ਬਾਅਦ ਹੀ ਪੈਸਿਆਂ ਦਾ ਲੈਣ-ਦੇਣ ਹੋਣ ਲੱਗਾ। ਪਰ ਬਾਅਦ ਵਿੱਚ ਪਤਾ ਲੱਗਾ ਕਿ ਪੈਸੇ ਨਿੱਜੀ ਖਰਚਾਂ ਵਿੱਚ ਖਰਚ ਕੀਤੇ ਜਾ ਰਹੇ ਹਨ।

2016 ਵਿੱਚ ਸ਼ਿਲਪਾ ਸ਼ੈੱਟੀ ਨੇ ਦਿੱਤਾ ਸੀ ਅਸਤੀਫਾ

ਇਸ ਦੇ ਨਾਲ, ਇਹ ਵੀ ਦੱਸਣਾ ਜਰੂਰੀ ਹੈ ਕਿ ਸਾਲ 2016 ਵਿੱਚ ਸ਼ਿਲਪਾ ਸ਼ੈੱਟੀ ਨੇ ਆਪਣੀ ਕੰਪਨੀ ਦੇ ਡਾਇਰੈਕਟਰ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਸਮੇਂ ਸਾਹਮਣੇ ਆਇਆ ਸੀ ਕਿ ਉਨ੍ਹਾਂ ਦੀ ਕੰਪਨੀ ਉੱਤੇ 1.28 ਕਰੋੜ ਦਾ ਇਨਸੋਲਵੈਂਸੀ ਕੇਸ ਚੱਲ ਰਿਹਾ ਸੀ। ਹਾਲਾਂਕਿ, ਇਸ ਗੱਲ ਦੀ ਜਾਣਕਾਰੀ ਕੋਠਾਰੀ ਨੂੰ ਨਹੀਂ ਦਿੱਤੀ ਗਈ ਸੀ। ਹੁਣ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਹਨ, ਜਿਸ ਕਰਕੇ ਕੋਠਾਰੀ ਨੇ ਕੇਸ ਦਰਜ ਕਰਵਾ ਦਿੱਤਾ ਹੈ।