Baba Siddique Murder: ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਨੇਤਾ ਅਤੇ ਅਕਸਰ ਖਬਰਾਂ 'ਚ ਰਹਿਣ ਵਾਲੇ ਬਾਬਾ ਸਿੱਦੀਕੀ ਦੀ ਮੁੰਬਈ 'ਚ ਹੱਤਿਆ ਕਰ ਦਿੱਤੀ ਗਈ ਹੈ। ਇਸ ਕਤਲ ਨੇ ਦੁਨੀਆ ਭਰ ਵਿੱਚ ਸਨਸਨੀ ਮਚਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਹਮਲਾਵਰਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਰਾਜਨੀਤੀ ਦੇ ਨਾਲ-ਨਾਲ ਬਾਬਾ ਸਿੱਦੀਕੀ ਬਾਲੀਵੁੱਡ ਦੇ ਕਈ ਕਲਾਕਾਰਾਂ ਦੇ ਕਰੀਬੀ ਸਨ। ਹੁਣ ਉਨ੍ਹਾਂ ਦੇ ਕਤਲ 'ਤੇ ਹਰ ਕੋਈ ਪ੍ਰਤੀਕਿਰਿਆ ਦੇ ਰਿਹਾ ਹੈ। ਅਸੀਂ ਤੁਹਾਨੂੰ ਬਾਬਾ ਸਿੱਦੀਕੀ ਦੀ ਆਖਰੀ ਇੰਸਟਾਗ੍ਰਾਮ ਪੋਸਟ ਬਾਰੇ ਦੱਸਣ ਜਾ ਰਹੇ ਹਾਂ।
ਦਰਅਸਲ, ਆਖਰੀ ਇੰਸਟਾਗ੍ਰਾਮ ਪੋਸਟ ਵਿੱਚ, NCP ਨੇਤਾ ਬਾਬਾ ਸਿੱਦੀਕੀ ਨੇ ਕਾਰੋਬਾਰੀ ਰਤਨ ਟਾਟਾ ਦੇ ਦੇਹਾਂਤ 'ਤੇ ਪ੍ਰਤੀਕਿਰਿਆ ਦਿੱਤੀ ਸੀ। ਰਤਨ ਟਾਟਾ ਦੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ ਕਿ 'ਇੱਕ ਯੁੱਗ ਦਾ ਅੰਤ ਹੋ ਗਿਆ ਹੈ।' ਤੁਹਾਨੂੰ ਦੱਸ ਦੇਈਏ ਕਿ ਰਤਨ ਟਾਟਾ ਦੀ 9 ਅਕਤੂਬਰ ਨੂੰ ਮੌਤ ਹੋ ਗਈ ਸੀ, ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਸਾਰਿਆਂ ਲਈ ਮੰਗੀ ਅਰਦਾਸ, ਕੁਝ ਘੰਟਿਆਂ ਵਿੱਚ ਹੀ ਕਤਲ ਹੋ ਗਿਆ
ਜੇਕਰ ਅਸੀਂ ਬਾਬਾ ਸਿੱਦੀਕੀ ਦੀ ਆਖਰੀ ਐਕਸ ਪੋਸਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਰਿਆਂ ਨੂੰ ਵਿਜੇ ਦਸ਼ਮੀ ਦੀ ਵਧਾਈ ਦਿੱਤੀ ਸੀ। ਐਕਸ 'ਤੇ ਲਿਖਿਆ ਸੀ ਕਿ ''ਸਭ ਨੂੰ ਦੁਸਹਿਰੇ ਦੀਆਂ ਮੁਬਾਰਕਾਂ! ਇਹ ਦੁਸਹਿਰਾ ਤੁਹਾਡੇ ਸਾਰਿਆਂ ਲਈ ਖੁਸ਼ੀਆਂ, ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ।” ਹਾਲਾਂਕਿ ਇਸ ਪੋਸਟ ਦੇ ਕੁਝ ਘੰਟਿਆਂ ਬਾਅਦ ਹੀ ਬਾਬਾ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਸੀ।
ਦੋ ਗ੍ਰਿਫਤਾਰ, ਇੱਕ ਫਰਾਰ
62 ਸਾਲਾਂ ਬਾਬਾ ਸਿੱਦੀਕੀ ਨੂੰ ਉਨ੍ਹਾਂ ਦੇ ਬੇਟੇ ਦੇ ਦਫ਼ਤਰ ਦੇ ਬਾਹਰ ਮੁੰਬਈ ਦੇ ਖੇਰ ਨਗਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਇੱਕ ਹਮਲਾਵਰ ਫਰਾਰ ਹੈ। ਫੜਿਆ ਗਿਆ ਇੱਕ ਹਮਲਾਵਰ ਉੱਤਰ ਪ੍ਰਦੇਸ਼ ਅਤੇ ਦੂਜਾ ਹਰਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਤੀਜੇ ਹਮਲਾਵਰ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਦੱਸ ਦੇਈਏ ਕਿ ਬਾਬਾ ਸਿੱਦੀਕੀ ਮੁੰਬਈ ਦੇ ਬਾਂਦਰਾ ਪੱਛਮੀ ਖੇਤਰ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਪਹਿਲੀ ਵਾਰ 1999 ਵਿੱਚ ਵਿਧਾਇਕ ਬਣੇ, ਫਿਰ 2004 ਅਤੇ 2009 ਵਿੱਚ ਵੀ ਵਿਧਾਨ ਸਭਾ ਪੁੱਜੇ ਸੀ। ਸਿੱਦੀਕੀ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਹੁਣ ਮੁੰਬਈ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਉੱਠ ਰਹੇ ਹਨ।