SGPC on Yaariyan-2, Amritsar News: ਨਵੀਂ ਆਉਣ ਵਾਲੀ ਫ਼ਿਲਮ ਯਾਰੀਆਂ-2 ਵਿੱਚ ਫਿਲਮਾਏ ਗਏ ਇੱਕ ਗੀਤ ਵਿੱਚ ਇੱਕ ਅਦਾਕਾਰ ਵੱਲੋਂ ਸਿੱਖ ਕਕਾਰ (ਕਿਰਪਾਨ) ਨੂੰ ਇਤਰਾਜ਼ਯੋਗ ਢੰਗ ਨਾਲ ਪਹਿਨੇ ਜਾਣ ’ਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਪ੍ਰਗਟਾਇਆ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਰਾਧਿਕਾ ਰਾਓ ਤੇ ਵਿਨੈ ਸਪਰੂ ਵੱਲੋਂ ਕੀਤਾ ਗਿਆ ਹੈ। ਇਸ ਫ਼ਿਲਮ ਦੇ ਗੀਤ ‘ਸਹੁਰੇ ਘਰ’ ਵਿੱਚ ਇਹ ਇਤਰਾਜ਼ਯੋਗ ਸੀਨ ਸ਼ਾਮਲ ਹੈ। 


ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕਕਾਰਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੀ ਸਿੱਖ ਰਹਿਤ ਮਰਿਆਦਾ ਤੇ ਭਾਰਤ ਦੇ ਸੰਵਿਧਾਨ ਮੁਤਾਬਕ ਅਜਿਹੇ ਕਕਾਰ ਪਹਿਨਣ ਦਾ ਹੱਕ ਸਿਰਫ ਅੰਮ੍ਰਿਤਧਾਰੀ ਸਿੱਖ ਨੂੰ ਹੀ ਹੈ ਪਰ ਇਸ ਦ੍ਰਿਸ਼ ਵਿੱਚ ਇਹ ਕਕਾਰ ਗੈਰ-ਅੰਮ੍ਰਿਤਧਾਰੀ ਅਤੇ ਗੈਰ-ਸਿੱਖ ਵਿਅਕਤੀ ਨੇ ਧਾਰਨ ਕੀਤਾ ਹੋਇਆ ਹੈ।





 


ਉਨ੍ਹਾਂ ਕਿਹਾ ਕਿ ਇਸ ਗੀਤ ਨੂੰ ਤੁਰੰਤ ਸੋਸ਼ਲ ਮੀਡੀਆ ਤੋਂ ਹਟਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਆਪਣਾ ਇਤਰਾਜ਼ ਸਰਕਾਰ ਕੋਲ ਦਰਜ ਕਰਵਾਉਣ ਵੇਲੇ ਯਕੀਨੀ ਬਣਾਉਣ ਦਾ ਯਤਨ ਕੀਤਾ ਜਾਵੇਗਾ ਕਿ ਫ਼ਿਲਮ ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ ਨਾ ਦਿੱਤੀ ਜਾਵੇ। 


ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਵੀਡੀਓ ਨੂੰ ਜਨਤਕ ਮੰਚ ਤੋਂ ਨਾ ਹਟਾਇਆ ਗਿਆ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਖਿਆ ਕਿ ਸਿੱਖ ਕਕਾਰਾਂ ਦੀ ਬੇਅਦਬੀ ਕਰਨ ਲਈ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹਾ ਸਾਹਸ ਨਾ ਕਰੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।