Shilpa Shetty Sangrur Visit: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ਅਕਸਰ ਆਪਣੀ ਫਿਟਨੈੱਸ ਨੂੰ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਨਾਲ ਅਕਸਰ ਫਿਟਨੈਸ ਅਪਡੇਟਸ ਵੀ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਦਾਕਾਰਾ ਪੰਜਾਬ ਵਿੱਚ ਮਸਤੀ ਕਰਦੇ ਹੋਏ ਵਿਖਾਈ ਦੇ ਰਹੀ ਹੈ। ਇਸ ਦੀਆਂ ਖਾਸ ਤਸਵੀਰਾਂ ਸ਼ਿਲਪਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ।
ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਵਿਖੇ ਪਹੁੰਚੀ। ਇਸ ਦੌਰਾਨ ਉਨ੍ਹਾਂ ਪੰਜਾਬੀ ਵਿੱਚ ਗੱਲ ਕਰਕੇ ਸਾਰਿਆਂ ਨੂੰ ਕਾਇਲ ਕੀਤਾ। ਉਨ੍ਹਾਂ ਪੰਜਾਬੀ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਪਣੇ ਆਪ ਨੂੰ ਪੰਜਾਬ ਦੀ ਨੂੰਹ ਕਿਹਾ। ਧੂਰੀ ਵਿੱਚ ਐਨਆਰਆਈ ਸੁਰਿੰਦਰ ਸਿੰਘ ਨਿੱਝਰ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਸੀ। ਜਿਸ ਵਿੱਚ ਸੀ.ਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੇ ਵੀ ਸ਼ਿਰਕਤ ਕੀਤੀ ਸੀ।
ਮੈਂ ਮਹਿਮਾਨ ਨਹੀਂ, ਸਹੁਰੇ ਘਰ ਆਈ ਹਾਂ...
ਸ਼ਿਲਪਾ ਸ਼ੈੱਟੀ ਨੂੰ ਜਦੋਂ ਸਟੇਜ 'ਤੇ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਆਪਣੇ ਭਾਸ਼ਣ 'ਚ ਪੰਜਾਬੀ 'ਚ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ- ਇਹ ਕੰਮ ਜੋ ਤੁਸੀਂ ਕਰ ਰਹੇ ਹੋ, ਚੰਗਾ ਕਰ ਰਹੇ ਹੋ। ਮੈਂ ਇਸ ਕੰਮ ਵਿੱਚ ਸ਼ਾਮਲ ਹੋ ਸਕਦੀ ਹਾਂ। ਸਟੇਜ 'ਤੇ ਸ਼ਿਲਪਾ ਸ਼ੈੱਟੀ ਦਾ ਸਵਾਗਤ ਕਰਨ ਵਾਲੇ ਵਿਅਕਤੀ ਨੇ ਉਨ੍ਹਾਂ ਨੂੰ ਮਹਿਮਾਨ ਕਿਹਾ। ਜਿਸ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਿਹਾ- ਮੈਂ ਮਹਿਮਾਨ ਨਹੀਂ ਹਾਂ। ਜਦੋਂ ਮੈਂ ਪੰਜਾਬ ਆਉਂਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਸਹੁਰੇ ਘਰ ਆ ਗਈ ਹਾਂ। ਹੁਣ (ਵਿਆਹ ਤੋਂ ਬਾਅਦ) ਮੈਂ ਪੰਜਾਬ ਦੀ ਹੀ ਹਾਂ।
ਪੰਜਾਬੀ ਫਿਲਮ ਅਭਿਨੇਤਰੀ ਹਿਮਾਂਸ਼ੀ ਖੁਰਾਨਾ ਵੀ ਕੈਂਪ ਵਿੱਚ ਸ਼ਾਮਲ ਹੋਈ। ਡਾ: ਗੁਰਪ੍ਰੀਤ ਕੌਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਅਜਿਹੇ ਕੈਂਪ ਲਗਾਉਣੇ ਚਾਹੀਦੇ ਹਨ। ਇਹ ਇੱਕ ਚੰਗਾ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਅੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕਿਸੇ ਨੂੰ ਅੱਖਾਂ ਵਿੱਚ ਕੋਈ ਸਮੱਸਿਆ, ਮੋਤੀਆਬਿੰਦ ਜਾਂ ਕੋਈ ਹੋਰ ਸਮੱਸਿਆ ਹੈ ਤਾਂ ਉਸ ਦੇ ਅਪਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ।