Sidhu Moose Wala Murder Case : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੀਰਵਾਰ ਨੂੰ NIA ਨੇ ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਅਤੇ ਦਿਲਪ੍ਰੀਤ ਢਿੱਲੋਂ (Dilpreet Dhillon) ਤੋਂ ਦਿੱਲੀ ਹੈੱਡਕੁਆਰਟਰ 'ਚ ਕਈ ਘੰਟੇ ਪੁੱਛਗਿੱਛ ਕੀਤੀ ਹੈ। ਸਿੱਧੂ ਮੂਸੇਵਾਲਾ ਦੇ ਕਤਲ  ਤੋਂ ਬਾਅਦ ਗਾਇਕ ਮਨਕੀਰਤ ਔਲਖ ਨੂੰ ਕਈ ਵਾਰ ਧਮਕੀਆਂ ਵੀ ਦਿੱਤੀਆਂ ਗਈਆਂ ਸਨ।


ਜਾਣਕਾਰੀ ਅਨੁਸਾਰ NIA ਨੇ ਪੁੱਛਗਿੱਛ ਤੋਂ ਬਾਅਦ ਦੋਵੇਂ ਗਾਇਕਾਂ ਨੂੰ ਛੱਡ ਦਿੱਤਾ ਹੈ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੋੜ ਪੈਣ 'ਤੇ ਦੋਵੇਂ ਪੰਜਾਬੀ ਗਾਇਕਾਂ ਨੂੰ NIA ਵੱਲੋਂ ਪੁੱਛਗਿੱਛ ਲਈ ਫ਼ਿਰ ਤੋਂ ਬੁਲਾਇਆ ਜਾ ਸਕਦਾ ਹੈ। ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਮਨਕੀਰਤ ਤੇ ਢਿੱਲੋਂ ਦੀਆਂ ਐਲਬਮਾਂ ਅਤੇ ਹੋਰ ਕਈ ਮੁੱਦਿਆਂ ਬਾਰੇ ਸਵਾਲ ਪੁੱਛੇ ਗਏ।
  ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਦੇ ਗੈਂਗਸਟਰ 'ਲਾਰੈਂਸ ਬਿਸ਼ਨੋਈ ਨਾਲ ਸਬੰਧ ਹੋਣ ਦੇ ਪਹਿਲਾਂ ਵੀ ਕਈ ਦਾਅਵੇ ਕੀਤੇ ਗਏ ਹਨ।

 


 

ਹਾਲ ਹੀ 'ਚ ਦੋ ਵੱਖ-ਵੱਖ ਦਿਨਾਂ 'ਤੇ NIA ਵੱਲੋਂ ਦੋਵਾਂ ਪੰਜਾਬੀ ਗਾਇਕਾਂ ਤੋਂ ਇਹ ਅਹਿਮ ਪੁੱਛਗਿੱਛ ਕੀਤੀ ਗਈ ਸੀ। ਇਸ ਤੋਂ ਪਹਿਲਾਂ NIA ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਵੀ ਪੁੱਛਗਿੱਛ ਕੀਤੀ ਸੀ। ਪੁੱਛਗਿੱਛ ਤੋਂ ਬਾਅਦ ਅਫਸਾਨਾ ਖਾਨ ਵੱਲੋਂ ਆਪਣੇ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਸਪਸ਼ਟੀਕਰਨ ਵੀ ਦਿੱਤਾ ਗਿਆ ਸੀ। 



ਦੱਸ ਦਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰ ਤੇ ਫ਼ੈਨਜ ਇਨਸਾਫ਼ ਦੀ ਮੰਗ ਕਰ ਰਹੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ 25 ਨਵੰਬਰ ਤੱਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਕੋਈ ਸਖ਼ਤ ਕਦਮ ਨਾ ਚੁੱਕਿਆ ਲਿਆ ਗਿਆ ਤਾਂ ਉਹ ਪੰਜਾਬ ਛੱਡ ਕੇ ਵਿਦੇਸ਼ ਚਲੇ ਜਾਣਗੇ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।