Actor Viral Video: ਅਭਿਨੇਤਾ ਅਤੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸੋਹਮ ਚੱਕਰਵਰਤੀ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਹ ਖਬਰ ਵੀ ਕੰਗਨਾ ਰਣੌਤ ਵਾਂਗ 'ਥੱਪੜ ਸਕੈਂਡਲ' ਨਾਲ ਜੁੜੀ ਹੋਈ ਹੈ। ਇਸ ਖਬਰ ਨਾਲ ਜੁੜੇ ਕਈ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਜਿਸ ਉੱਪਰ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ। ਆਖਿਰ ਸੋਹਮ ਚੱਕਰਵਰਤੀ ਨੇ ਇੱਕ ਰੈਸਟੋਰੈਂਟ ਮਾਲਕ ਨੂੰ ਜਨਤਕ ਤੌਰ 'ਤੇ ਥੱਪੜ ਕਿਉਂ ਮਾਰਿਆ ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...
ਜਾਣੋ ਕਿਉਂ ਮਾਰਿਆ ਥੱਪੜ
ਦੱਸ ਦੇਈਏ ਕਿ ਸੋਹਮ ਚੱਕਰਵਰਤੀ ਨੇ ਟੀਐਮਸੀ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨਾਲ ਦੁਰਵਿਵਹਾਰ ਕਰਨ ਲਈ ਇੱਕ ਰੈਸਟੋਰੈਂਟ ਮਾਲਕ ਨੂੰ ਜਨਤਕ ਤੌਰ 'ਤੇ ਥੱਪੜਮਾਰਿਆ। ਇਸ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਰੈਸਟੋਰੈਂਟ ਦੇ ਮਾਲਕ ਅਨੀਸੁਲ ਆਲਮ ਅਤੇ ਸੋਹਮ ਚੱਕਰਵਰਤੀ ਨੇ ਟੈਕਨੋ ਸਿਟੀ ਪੁਲਿਸ ਸਟੇਸ਼ਨ 'ਚ ਇਕ-ਦੂਜੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ, ਸੋਹਮ ਚੱਕਰਵਰਤੀ ਨੇ ਬਾਅਦ ਵਿੱਚ ਰੈਸਟੋਰੈਂਟ ਮਾਲਕ ਨੂੰ ਥੱਪੜ ਮਾਰਨ ਲਈ ਮੁਆਫੀ ਮੰਗ ਲਈ। ਉਨ੍ਹਾਂ ਕਿਹਾ ਕਿ ਉਹ ਵੀ ਇਨਸਾਨ ਹਨ ਅਤੇ ਉਨ੍ਹਾਂ ਨੂੰ ਉਸ ਸਮੇਂ ਗੁੱਸਾ ਆ ਗਿਆ।
ਦੱਸ ਦਈਏ ਕਿ ਨਿਊ ਟਾਊਨ 'ਚ ਰੈਸਟੋਰੈਂਟ ਦੇ ਸਾਹਮਣੇ ਕਾਰਾਂ ਦੀ ਪਾਰਕਿੰਗ ਨੂੰ ਲੈ ਕੇ ਸੋਹਮ ਚੱਕਰਵਰਤੀ ਅਤੇ ਉਸ ਦੇ ਆਦਮੀਆਂ ਅਤੇ ਰੈਸਟੋਰੈਂਟ ਮਾਲਕ ਵਿਚਾਲੇ ਝਗੜਾ ਹੋ ਗਿਆ ਸੀ। ਬਹਿਸ ਦੌਰਾਨ ਸੋਹਮ ਚੱਕਰਵਰਤੀ ਨੇ ਰੈਸਟੋਰੈਂਟ ਮਾਲਕ 'ਤੇ ਹਮਲਾ ਕਰ ਦਿੱਤਾ। ਸੋਹਮ ਚੱਕਰਵਰਤੀ ਦੀ ਪੰਚਿੰਗ ਦਾ ਵੀਡੀਓ ਵਾਇਰਲ ਹੋਇਆ ਹੈ।
ਰੈਸਟੋਰੈਂਟ ਦੇ ਮਾਲਕ ਨੇ ਕੀਤਾ ਦਾਅਵਾ
ਰੈਸਟੋਰੈਂਟ ਦੇ ਮਾਲਕ ਨੇ ਦਾਅਵਾ ਕੀਤਾ ਕਿ ਉਸਨੇ ਸ਼ਨੀਵਾਰ ਦੇਰ ਸ਼ਾਮ ਆਪਣੇ ਰੈਸਟੋਰੈਂਟ ਦੇ ਇੱਕ ਹਿੱਸੇ ਵਿੱਚ "ਮੁਫ਼ਤ" ਸ਼ੂਟਿੰਗ ਦੀ ਇਜਾਜ਼ਤ ਦਿੱਤੀ ਸੀ। ਆਲਮ ਨੇ ਦੱਸਿਆ ਕਿ ਸੋਹਮ ਚੱਕਰਵਰਤੀ ਅਤੇ ਉਸ ਦੇ ਬੰਦਿਆਂ ਦੀਆਂ ਕਾਰਾਂ ਪੂਰੀ ਪਾਰਕਿੰਗ ਵਿੱਚ ਖੜ੍ਹੀਆਂ ਸਨ। ਮੇਰੇ ਸਟਾਫ਼ ਨੇ ਉਸਦੇ ਆਦਮੀਆਂ ਨੂੰ ਆਪਣੀਆਂ ਕਾਰਾਂ ਲਿਜਾਣ ਲਈ ਕਿਹਾ ਕਿਉਂਕਿ ਹੋਰ ਗਾਹਕ ਆਪਣੀਆਂ ਕਾਰਾਂ ਪਾਰਕ ਕਰਨ ਦੇ ਯੋਗ ਨਹੀਂ ਸਨ। ਅਭਿਨੇਤਾ ਦੇ ਬੰਦਿਆਂ ਨੇ ਉਸਨੂੰ ਦੱਸਿਆ ਕਿ ਉਹ ਇੱਕ ਵਿਧਾਇਕ ਹੈ ਅਤੇ ਟੀਐਮਸੀ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦਾ ਬਹੁਤ ਕਰੀਬੀ ਦੋਸਤ ਹੈ।
ਸੋਹਮ ਨੇ ਰੈਸਟੋਰੈਂਟ ਦੇ ਮਾਲਕ ਨੂੰ ਥੱਪੜ ਮਾਰਿਆ
ਆਲਮ ਨੇ ਦੋਸ਼ ਲਾਇਆ ਕਿ ਉਸ ਨੇ ਕਿਹਾ ਕਿ ਉਹ ਕਦੇ ਕਿਸੇ ਦੀ ਪਰਵਾਹ ਨਹੀਂ ਕਰਦਾ, ਭਾਵੇਂ ਉਹ ਨਰਿੰਦਰ ਮੋਦੀ ਹੋਵੇ ਜਾਂ ਅਭਿਸ਼ੇਕ ਬੈਨਰਜੀ। ਉਦੋਂ ਅਚਾਨਕ ਸੋਹਮ ਚੱਕਰਵਰਤੀ ਆਇਆ ਅਤੇ ਮੇਰੇ ਮੂੰਹ 'ਤੇ ਮੁੱਕਾ ਮਾਰਿਆ ਅਤੇ ਪੇਟ 'ਚ ਲੱਤ ਮਾਰ ਦਿੱਤੀ। ਦੱਸ ਦੇਈਏ ਕਿ ਸੋਹਮ ਚੱਕਰਵਰਤੀ ਨੇ ਰੈਸਟੋਰੈਂਟ ਮਾਲਕ ਨੂੰ ਥੱਪੜ ਮਾਰਨ ਦੀ ਗੱਲ ਕਬੂਲੀ ਹੈ।
ਵਿਧਾਇਕ ਬਣੇ ਅਦਾਕਾਰ ਨੇ ਕਿਹਾ ਕਿ ਅਸੀਂ ਛੱਤ 'ਤੇ ਸ਼ੂਟਿੰਗ ਕਰ ਰਹੇ ਸੀ। ਉਸੇ ਸਮੇਂ ਮੈਂ ਚੀਕਣ ਦੀਆਂ ਆਵਾਜ਼ਾਂ ਸੁਣੀਆਂ। ਇਸ ਤੋਂ ਬਾਅਦ ਮੈਂ ਆਪਣੇ ਸੁਰੱਖਿਆ ਗਾਰਡ ਅਤੇ ਹੋਟਲ ਸਟਾਫ ਨੂੰ ਪੁਲਿਸ ਨਾਲ ਝਗੜਾ ਕਰਦੇ ਦੇਖਿਆ। ਮੈਂ ਹੈਰਾਨ ਸੀ ਕਿ ਪੁਲਿਸ ਵਾਲੇ ਕਿਸ ਤਰ੍ਹਾਂ ਦਾ ਸਲੂਕ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਕਿ ਅਸੀਂ ਕਿਸੇ ਅਭਿਸ਼ੇਕ ਬੈਨਰਜੀ ਨੂੰ ਨਹੀਂ ਜਾਣਦੇ ਅਤੇ ਨਾ ਹੀ ਕਿਸੇ ਵਿਧਾਇਕ ਨੂੰ ਜਾਣਦੇ ਹਾਂ।
ਕਾਰ ਪਾਰਕਿੰਗ ਨੂੰ ਲੈ ਕੇ ਵਿਵਾਦ
ਸ਼ਨੀਵਾਰ ਸ਼ਾਮ ਨੂੰ ਸੋਹਮ ਚੱਕਰਵਰਤੀ ਟੈਕਨੋ ਸਿਟੀ ਥਾਣੇ ਗਏ ਅਤੇ ਪੁਲਿਸ ਤੋਂ ਪਾਰਕਿੰਗ ਦੀ ਸੀਸੀਟੀਵੀ ਫੁਟੇਜ ਮੰਗੀ ਜਿੱਥੋਂ ਸਮੱਸਿਆ ਸ਼ੁਰੂ ਹੋਈ ਸੀ। ਬਿਧਾਨਨਗਰ ਪੁਲਿਸ ਕਮਿਸ਼ਨਰੇਟ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰੈਸਟੋਰੈਂਟ ਮਾਲਕ ਨੇ ਸ਼ਨੀਵਾਰ ਨੂੰ ਵਿਧਾਇਕ ਅਤੇ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸਾਨੂੰ ਵਿਧਾਇਕ ਅਤੇ ਰੈਸਟੋਰੈਂਟ ਮਾਲਕ ਦੋਵਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਸ਼ਿਕਾਇਤਾਂ ਮਿਲੀਆਂ ਹਨ। ਅਸੀਂ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।