Saif Ali Khan Attacked: ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਅਣਪਛਾਤੇ ਚੋਰਾਂ ਨੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੁੱਧਵਾਰ ਰਾਤ 2 ਵਜੇ ਮੁੰਬਈ ਦੇ ਬਾਂਦਰਾ ਵਿੱਚ ਇੱਕ ਚੋਰ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਇਆ। ਇਸ ਦੌਰਾਨ ਸੈਫ ਅਤੇ ਇੱਕ ਅਣਪਛਾਤੇ ਵਿਅਕਤੀ ਵਿਚਕਾਰ ਝੜਪ ਹੋ ਗਈ। ਇਸ ਤੋਂ ਬਾਅਦ ਚੋਰ ਨੇ ਸੈਫ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਵੇਰੇ 3.30 ਵਜੇ ਹਸਪਤਾਲ ਲਿਆਂਦਾ ਗਿਆ। ਪੁਲਿਸ ਫਿਲਹਾਲ ਸੀਸੀਟੀਵੀ ਫੁਟੇਜ ਵੇਖ ਹਮਲਾਵਰ ਦੀ ਭਾਲ ਕਰ ਰਹੀ ਹੈ।

Continues below advertisement


ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ


ਇਸ ਮਾਮਲੇ ਵਿੱਚ, ਬਾਂਦਰਾ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਸੈਫ ਅਲੀ ਖਾਨ ਦੀ ਨੌਕਰਾਣੀ ਦੇ ਹੱਥ 'ਤੇ ਵੀ ਸੱਟ ਲੱਗੀ ਹੈ। ਪੁਲਿਸ ਸੈਫ ਅਲੀ ਖਾਨ ਦੇ ਘਰ ਗਈ ਅਤੇ ਕਰਮਚਾਰੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਉੱਥੇ ਕੰਮ ਕਰਨ ਵਾਲੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹੁਣ ਤਿੰਨਾਂ ਨੂੰ ਪੁਲਿਸ ਸਟੇਸ਼ਨ ਲਿਆਂਦਾ ਜਾਵੇਗਾ, ਜਿੱਥੇ ਉਨ੍ਹਾਂ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾਵੇਗੀ। ਘਟਨਾ ਸਮੇਂ ਅਦਾਕਾਰ ਦੇ ਕੁਝ ਪਰਿਵਾਰਕ ਮੈਂਬਰ ਘਰ ਵਿੱਚ ਮੌਜੂਦ ਸਨ।


ਸੈਫ ਦੇ ਹੱਥ ਅਤੇ ਪਿੱਠ 'ਤੇ ਡੂੰਘੀਆਂ ਸੱਟਾਂ ਲੱਗੀਆਂ


ਸੂਤਰਾਂ ਅਨੁਸਾਰ ਸੈਫ ਦੀ ਗਰਦਨ ਦੇ ਨੇੜੇ 10 ਸੈਂਟੀਮੀਟਰ ਦਾ ਜ਼ਖ਼ਮ ਹੈ। ਉਨ੍ਹਾਂ ਦੇ ਹੱਥਾਂ ਅਤੇ ਪਿੱਠ 'ਤੇ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੀ ਪਿੱਠ ਉੱਪਰ ਤਿੱਖੀ ਚੀਜ਼ ਨਾਲ ਹਮਲਾ ਕੀਤਾ ਗਿਆ, ਜਿਸਨੂੰ ਕੱਲ੍ਹ ਰਾਤ ਸਰਜਰੀ ਰਾਹੀਂ ਕੱਢ ਦਿੱਤਾ ਗਿਆ। ਡਾਕਟਰ ਨੇ ਕਿਹਾ ਕਿ ਸੈਫ ਦੀ ਰੀੜ੍ਹ ਦੀ ਹੱਡੀ ਦੇ ਨੇੜੇ ਵੀ ਡੂੰਘੇ ਜ਼ਖ਼ਮ ਹਨ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਹਮਲਾਵਰ ਨੇ ਚਾਕੂ ਨੂੰ ਅਪਰਾਧ ਵਾਲੀ ਥਾਂ ਦੇ ਨੇੜੇ ਸੁੱਟਿਆ ਸੀ ਜਾਂ ਆਪਣੇ ਨਾਲ ਲੈ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਸੈਫ ਦੇ ਘਰੋਂ ਹਮਲੇ ਵਿੱਚ ਵਰਤਿਆ ਗਿਆ ਚਾਕੂ ਨਹੀਂ ਮਿਲਿਆ।


ਹਮਲੇ ਦੌਰਾਨ ਘਰ 'ਚ ਸੀ ਕਰੀਨਾ ਕਪੂਰ


ਘਟਨਾ ਵਾਲੀ ਥਾਂ 'ਤੇ ਖੂਨ ਦੇ ਧੱਬੇ ਹਨ ਅਤੇ ਘਰੇਲੂ ਸਮਾਨ ਇਧਰ-ਉਧਰ ਖਿੰਡਿਆ ਪਿਆ ਹੈ। ਸੈਫ 'ਤੇ ਹਮਲੇ ਸਮੇਂ ਉਨ੍ਹਾਂ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਘਰ ਵਿੱਚ ਮੌਜੂਦ ਸੀ। ਬਾਲੀਵੁੱਡ ਅਦਾਕਾਰ ਦਾ ਘਰ ਮੁੰਬਈ ਦੇ ਬਾਂਦਰਾ ਦੇ ਪਾਸ਼ ਇਲਾਕੇ ਵਿੱਚ ਹੈ। ਉਨ੍ਹਾਂ ਦੇ ਘਰ ਵਿੱਚ ਵੀ ਸਖ਼ਤ ਸੁਰੱਖਿਆ ਪ੍ਰਬੰਧ ਹਨ। ਅਜਿਹੇ ਵਿੱਚ ਉਨ੍ਹਾਂ ਦੇ ਘਰ ਵਿੱਚ ਹੋਈ ਚੋਰੀ ਦੀ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।