Carry On Jatta 3 Starcast: `ਕੈਰੀ ਆਨ ਜੱਟਾ 3` ਫ਼ਿਲਮ ਦਾ ਐਲਾਨ ਕਾਫ਼ੀ ਪਹਿਲਾਂ ਤੋਂ ਹੋ ਚੁੱਕਿਆ ਹੈ। ਇਹ ਫ਼ਿਲਮ 29 ਜੂਨ 2023 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਫ਼ਿਲਮ `ਤੇ ਇਹ ਸਸਪੈਂਸ ਰੱਖਿਆ ਗਿਆ ਸੀ ਕਿ ਕਿਹੜੀ ਅਦਾਕਾਰਾ ਫ਼ਿਲਮ `ਚ ਗਿੱਪੀ ਗਰੇਵਾਲ ਨਾਲ ਨਜ਼ਰ ਆਵੇਗੀ। ਹੁਣ ਇਸ ਦਾ ਖੁਲਾਸਾ ਹੋ ਗਿਆ ਹੈ। ਫ਼ਿਲਮ ਵਿੱਚ ਸੋਨਮ ਬਾਜਵਾ ਗਿੱਪੀ ਗਰੇਵਾਲ ਨਾਲ ਐਕਟਿੰਗ ਕਰਦੀ ਨਜ਼ਰ ਆਵੇਗੀ।ਇਸ ਸਬੰਧੀ ਫ਼ਿਲਮ ਦੀ ਸਟਾਰਕਾਸਟ ਵੱਲੋਂ ਤਸਵੀਰਾਂ ਸਾਂਝੀਆਂ ਕਰ ਐਲਾਨ ਕਰ ਦਿਤਾ ਗਿਆ ਹੈ। ਫ਼ਿਲਮ `ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਬਿਨੂੰ ਢਿੱਲੋਂ ਤੇ ਨਰੇਸ਼ ਕਥੂਰੀਆ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
`ਕੈਰੀ ਆਨ ਜੱਟਾ 3` ਹੁਣ ਤੱਕ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਵਿਚੋਂ ਇੱਕ ਹੈ। ਇਸ ਫ਼ਿਲਮ ਦੀ ਸ਼ੂਟਿੰਗ ਲੰਡਨ ਵਿੱਚ ਸ਼ੁਰੂ ਹੋ ਗਈ ਹੈ। ਫ਼ਿਲਮ ਦੇ ਕਲਾਕਾਰਾਂ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਦੱਸ ਦਈਏ ਕਿ ਫ਼ਿਲਮ ਦੇ ਪਹਿਲੇ ਭਾਗ ਯਾਨਿ `ਕੈਰੀ ਆਨ ਜੱਟਾ` (2012) ਵਿੱਚ ਗਿੱਪੀ ਗਰੇਵਾਲ ਜੱਸ ਢਿੱਲੋਂ ਦੇ ਕਿਰਦਾਰ `ਚ ਨਜ਼ਰ ਆਏ ਸੀ। ਇਸ ਫ਼ਿਲਮ ਚ ਉਨ੍ਹਾਂ ਦੇ ਨਾਲ ਮਾਹੀ ਗਿੱਲ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਨੂੰ ਜ਼ਬਰਦਸਤ ਕਾਮਯਾਬੀ ਮਿਲੀ। ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਫ਼ਿਲਮ ਨੇ ਉਸ ਸਮੇਂ ਲਗਭਗ 18 ਕਰੋੜ ਦੀ ਕਮਾਈ ਕੀਤੀ ਸੀ, ਜੋ ਕਿ ਉਸ ਸਮੇਂ ਪੰਜਾਬੀ ਸਿਨੇਮਾ ਲਈ ਰਿਕਾਰਡ ਸੀ।
ਕੈਰੀ ਆਨ ਜੱਟਾ ਦੀ ਸਫ਼ਲਤਾ ਤੋਂ ਬਾਅਦ 2018 ਵਿੱਚ `ਕੈਰੀ ਆਨ ਜੱਟਾ 2` ਬਣਾਈ ਗਈ। ਇਸ ਫ਼ਿਲਮ `ਚ ਵੀ ਗਿੱਪੀ ਗਰੇਵਾਲ ਨੇ ਜੱਸ ਢਿੱਲੋਂ ਦੀ ਭੂਮਿਕਾ ਨਿਭਾਈ ਸੀ, ਪਰ ਇਸ ਵਾਰ ਗਿੱਪੀ ਗਰੇਵਾਲ ਨਾਲ ਸੋਨਮ ਬਾਜਵਾ ਸਕ੍ਰੀਨ ਤੇ ਰੋਮਾਂਸ ਕਰਦੇ ਨਜ਼ਰ ਆਈ ਸੀ। ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਫ਼ਿਲਮ ਦੇ ਤੀਜੇ ਭਾਗ `ਚ ਕਿਸ ਅਦਾਕਾਰਾ ਨੂੰ ਲਿਆ ਜਾਵੇਗਾ। ਖੈਰ ਹੁਣ ਇਸ ਰਾਜ਼ ਤੋਂ ਪਰਦਾ ਚੁੱਕ ਦਿੱਤਾ ਗਿਆ ਹੈ। ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰ ਸ਼ੇਅਰ ਕੀਤੀ। ਜਿਸ ਵਿੱਚ ਫ਼ਿਲਮ ਦੀ ਸਟਾਰਕਾਸਟ ਨਜ਼ਰ ਆਈ। ਗਿੱਪੀ ਨੇ ਕੈਪਸ਼ਨ `ਚ ਲਿਖਿਆ, "ਐਂਡ ਦੇ ਆਂਰ ਬੈਕ ਅਗੇਨ" ਯਾਨਿ ਕਿ ਅਸੀਂ ਫ਼ਿਰ ਤੋਂ ਵਾਪਸ ਆ ਗਏ ਹਾਂ।
ਕਾਬਿਲੇਗ਼ੌਰ ਹੈ ਕਿ ਕੈਰੀ ਆਨ ਜੱਟਾ 3 29 ਜੂਨ 2023 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਅਕਤੂਬਰ `ਚ ਸ਼ੁਰੂ ਹੋਵੇਗੀ।