Comedian Moshe Kasher Tonsil Cancer : ਅਮਰੀਕੀ ਕਾਮੇਡੀਅਨ ਅਤੇ ਅਦਾਕਾਰ ਮੋਸ਼ੇ ਕਾਸ਼ਰ (Moshe Kasher) ਨੇ ਖੁਲਾਸਾ ਕੀਤਾ ਹੈ ਕਿ ਉਸਨੂੰ ਟੌਨਸਿਲ ਕੈਂਸਰ (ਗਲੇ ਦਾ ਕੈਂਸਰ) ਹੋਇਆ ਹੈ। ਐਤਵਾਰ ਨੂੰ ਇੰਸਟਾਗ੍ਰਾਮ 'ਤੇ ਫਾਦਰਜ਼ ਡੇ ਮੌਕੇ ਇੱਕ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ।
ਮੋਸ਼ੇ ਕਾਸ਼ਰ ਨੇ ਦੱਸਿਆ ਕਿ ਜਦੋਂ ਇਸ ਸਾਲ ਦੀ ਸ਼ੁਰੂਆਤ ਵਿੱਚ ਕਰੀਬ ਤਿੰਨ ਮਹੀਨੇ ਪਹਿਲਾਂ The Comeback King ਫ਼ਿਲਮ 'ਤੇ ਕੰਮ ਕਰ ਰਹੇ ਸਨ, ਉਨ੍ਹਾਂ ਨੂੰ ਆਪਣੇ ਗਲੇ ਵਿੱਚ ਗੰਢ ਮਹਿਸੂਸ ਹੋਈ ਸੀ। ਜਾਂਚ ਤੋਂ ਬਾਅਦ ਡਾਕਟਰਾਂ ਨੇ ਟੌਨਸਿਲ ਕੈਂਸਰ ਦੀ ਪੁਸ਼ਟੀ ਕੀਤੀ।
ਉਸਨੇ ਹਾਲ ਹੀ ਵਿੱਚ ਕੈਂਸਰ ਹਟਾਉਣ ਲਈ ਸਰਜਰੀ ਕਰਵਾਈ ਹੈ ਅਤੇ ਹੁਣ ਡਾਕਟਰਾਂ ਦੀ ਅਗਲੀ ਰਿਪੋਰਟ ਦੀ ਉਡੀਕ ਕਰ ਰਿਹਾ ਹੈ, ਜਿਸ ਤੋਂ ਇਹ ਪਤਾ ਲੱਗੇਗਾ ਕਿ ਕੀ ਉਸਨੂੰ ਰੇਡੀਏਸ਼ਨ ਥੈਰੇਪੀ ਦੀ ਲੋੜ ਪਵੇਗੀ ਜਾਂ ਨਹੀਂ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਇਹ ਕੈਂਸਰ ਹਿਊਮਨ ਪੈਪੀਲੋਮਾਵਾਇਰਸ (HPV) ਕਾਰਨ ਹੋਇਆ ਹੈ।
ਮੋਸ਼ੇ ਕਾਸ਼ਰ ਨੇ ਮਜ਼ਾਕੀਆ ਅੰਦਾਜ਼ ਵਿੱਚ ਦੱਸਿਆ ਕਿ ਸਰਜਰੀ ਦੌਰਾਨ ਡਾਕਟਰਾਂ ਨੇ ਕਰੀਬ ਪੰਜ ਘੰਟਿਆਂ ਤੱਕ ਓਪਰੇਸ਼ਨ ਕਰਕੇ ਕੈਂਸਰ ਵਾਲਾ ਹਿੱਸਾ ਕੱਢਿਆ ਅਤੇ ਗਰਦਨ ਦੀ ਵੀ ਸਰਜਰੀ ਕੀਤੀ, ਜਿਸ ਕਾਰਨ ਹੁਣ ਉਨ੍ਹਾਂ ਦੀ ਗਰਦਨ 'ਤੇ ਵੱਡਾ ਨਿਸ਼ਾਨ ਰਹਿ ਗਿਆ ਹੈ। 46 ਸਾਲਾ ਮੋਸ਼ੇ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਡਰਾਉਣਾ ਅਤੇ ਮਾਨਸਿਕ ਤੌਰ 'ਤੇ ਥਕਾ ਦੇਣ ਵਾਲਾ ਤਜਰਬਾ ਰਿਹਾ ਹੈ। ਇਸ ਦੌਰਾਨ ਵੀ ਉਹ ਫ਼ਿਲਮ ਦੀ ਸ਼ੂਟਿੰਗ ਅਤੇ ਲਿਖਤ ਦੇ ਕੰਮ ਵਿੱਚ ਜੁੜੇ ਰਹੇ।
ਮੋਸ਼ੇ ਕਾਸ਼ਰ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ HPV-ਪਾਜ਼ਿਟਿਵ ਟਾਂਸਿਲ ਕੈਂਸਰ 55 ਸਾਲ ਤੋਂ ਘੱਟ ਉਮਰ ਦੇ ਪੁਰਸ਼ਾਂ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਅਤੇ ਨਿਯਮਿਤ ਸਿਹਤ ਜਾਂਚ ਕਰਵਾਉਣ ਦੀ ਅਪੀਲ ਕੀਤੀ।
ਆਪਣੀ ਪੋਸਟ ਦੇ ਅੰਤ ਵਿੱਚ ਉਨ੍ਹਾਂ ਲਿਖਿਆ ਕਿ ਉਹ ਇਸ ਬਿਮਾਰੀ ਨਾਲ ਲੜ ਰਹੇ ਹਨ, ਇਲਾਜ ਜਾਰੀ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਠੀਕ ਹੋ ਜਾਣਗੇ। ਉਨ੍ਹਾਂ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਕੋਲ ਇੱਕ ਪਿਆਰਾ ਪਰਿਵਾਰ ਅਤੇ ਪਾਲਣ-ਪੋਸ਼ਣ ਲਈ ਇੱਕ ਬੇਟੀ ਹੈ। ਉਸਨੇ ਦੱਸਿਆ ਕਿ ਸਰਜਰੀ ਦੌਰਾਨ ਆਧੁਨਿਕ ਰੋਬੋਟਿਕ ਤਕਨਾਲੋਜੀ ਦੀ ਮਦਦ ਨਾਲ ਕੈਂਸਰ ਨੂੰ ਹਟਾਇਆ ਗਿਆ। ਡਾਕਟਰਾਂ ਅਨੁਸਾਰ ਇਸ ਕਿਸਮ ਦੇ ਕੈਂਸਰ ਵਿੱਚ ਠੀਕ ਹੋਣ ਦੀ ਸੰਭਾਵਨਾ ਲਗਭਗ 95 ਫੀਸਦੀ ਹੈ। ਮੋਸ਼ੇ ਕਾਸ਼ਰ ਨੇ ਆਸ ਜਤਾਈ ਕਿ ਉਹ ਜਲਦੀ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਵੇਗਾ। ਇਸ ਮੁਸ਼ਕਲ ਸਮੇਂ ਦੌਰਾਨ ਉਸਨੇ ਆਪਣੀ ਪਤਨੀ Natasha Leggero ਅਤੇ ਫਿਲਮ ਨਿਰਮਾਤਾ Judd Apatow ਦਾ ਖਾਸ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰ ਕਦਮ 'ਤੇ ਉਸਦਾ ਸਾਥ ਦਿੱਤਾ।
