ਚੰਡੀਗੜ੍ਹ : ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਅਦਾਕਾਰਾਂ ਉਪਾਸਨਾ ਸਿੰਘ ਵੱਲੋਂ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਦਾਇਰ ਕੀਤੇ ਕੇਸ ਦੀ ਸੁਣਵਾਈ ਦੌਰਾਨ ਅੱਜ ਹਰਨਾਜ਼ ਕੌਰ ਸੰਧੂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਅਦਾਲਤ ਨੇ ਹਰਨਾਜ਼ ਸੰਧੂ ਨੂੰ ਨੋਟਿਸ ਜਾਰੀ ਕਰਦਿਆਂ 7 ਸਤੰਬਰ ਤੱਕ ਜਵਾਬ ਦੇਣ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਉਪਾਸਨਾ ਸਿੰਘ ਨੇ ਦੋਸ਼ ਲਾਇਆ ਹੈ ਕਿ 2020 ਵਿੱਚ ਹਰਨਾਜ਼ ਕੌਰ ਨੇ ਉਸ ਦੇ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਐੱਲਐੱਲਪੀ ਨਾਲ ਇੱਕ ਕੰਟਰੈਕਟ ਕੀਤਾ ਸੀ।


ਜਿਸ ਅਨੁਸਾਰ ਫਿਲਮ ‘ਬਾਈ ਜੀ ਕੁੱਟਣਗੇ’ ਵਿੱਚ ਉਸ ਨੂੰ ਲੀਡ ਰੋਲ ਦਿੱਤਾ ਗਿਆ ਸੀ। ਉਪਾਸਨਾ ਸਿੰਘ ਨੇ ਕਿਹਾ ਕਿ ਹਰਨਾਜ਼ ਸੰਧੂ ਨੇ ਕੰਟਰੈਕਟ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ, ਜਿਸ ਕਰਕੇ ਉਸ ਨੂੰ ਵਿੱਤੀ ਨੁਕਸਾਨ ਹੋਇਆ ਹੈ।


ਜਾਣੋ ਕੀ ਹੈ ਮਾਮਲਾ
ਸਾਲ 2021 'ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ 'ਮਿਸ ਯੂਨੀਵਰਸ' ਹਰਨਾਜ਼ ਕੌਰ ਸੰਧੂ ਮੁਸ਼ਕਲ 'ਚ ਹੈ। ਉਸ ਖ਼ਿਲਾਫ਼ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ। ਇਹ ਮਾਮਲਾ ਕਿਸੇ ਨੇ ਨਹੀਂ ਸਗੋਂ ਮਸ਼ਹੂਰ ਅਦਾਕਾਰਾ ਅਤੇ ਫਿਲਮ ਮੇਕਰ ਉਪਾਸਨਾ ਸਿੰਘ ਨੇ ਕੀਤਾ ਹੈ। ਉਪਾਸਨਾ ਦਾ ਦੋਸ਼ ਹੈ ਕਿ ਹਰਨਾਜ਼ ਨੇ ਉਨ੍ਹਾਂ ਦੀ ਇਕ ਫਿਲਮ 'ਚ ਕੰਮ ਕੀਤਾ ਸੀ ਅਤੇ ਸਮਝੌਤੇ 'ਤੇ ਦਸਤਖਤ ਕਰਨ ਦੇ ਬਾਵਜੂਦ ਫਿਲਮ ਦੇ ਪ੍ਰਮੋਸ਼ਨ 'ਤੇ ਨਹੀਂ ਪਹੁੰਚੀ, ਜਿਸ ਤੋਂ ਬਾਅਦ 4 ਅਗਸਤ 2022 ਨੂੰ ਉਪਾਸਨਾ ਨੇ ਹਰਨਾਜ਼ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ।


ਫਿਲਮ ਦਾ ਪ੍ਰਚਾਰ ਨਾ ਕਰਨ 'ਤੇ ਮਾਮਲਾ ਦਰਜ
ਹਰਨਾਜ਼ ਕੌਰ ਸੰਧੂ ਨੂੰ ਉਪਾਸਨਾ ਸਿੰਘ ਦੀ ਫਿਲਮ ਬਾਈ ਜੀ ਕੁੱਟਣਗੇ ਵਿੱਚ ਕਾਸਟ ਕੀਤਾ ਗਿਆ ਸੀ। ਮਿਸ ਯੂਨੀਵਰਸ ਨੇ ਇਸ ਫਿਲਮ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਹ ਫਿਲਮ 19 ਅਗਸਤ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਉਪਾਸਨਾ ਦਾ ਕਹਿਣਾ ਹੈ ਕਿ ਹਰਨਾਜ਼ ਨੇ ਇਸ ਫਿਲਮ ਨੂੰ ਪ੍ਰਮੋਟ ਕਰਨ ਲਈ ਸਹਿਮਤੀ ਦਿੱਤੀ ਸੀ, ਨਾਲ ਹੀ ਇਕ ਸਮਝੌਤੇ 'ਤੇ ਦਸਤਖਤ ਕੀਤੇ ਸਨ, ਪਰ ਉਹ ਪ੍ਰਮੋਸ਼ਨਲ ਈਵੈਂਟ 'ਚ ਨਹੀਂ ਪਹੁੰਚ ਰਹੀ। ਹਰਨਾਜ਼ ਨੇ ਵੀ ਫਿਲਮ ਦੀ ਪ੍ਰਮੋਸ਼ਨ 'ਚ ਹਿੱਸਾ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।