TMKOC:  'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਟੀਵੀ ਦਾ ਸਭ ਤੋਂ ਮਸ਼ਹੂਰ ਸ਼ੋਅ ਹੈ। ਇਸ ਸਿਟਕਾਮ ਨੇ ਹਾਲ ਹੀ ਵਿੱਚ ਟੀਵੀ ਉੱਤੇ 15 ਸਾਲ ਪੂਰੇ ਕੀਤੇ ਹਨ। ਇਸ ਸੀਰੀਅਲ ਦਾ ਹਰ ਕਿਰਦਾਰ ਦਰਸ਼ਕਾਂ ਦੇ ਦਿਲਾਂ 'ਚ ਵੱਸਦਾ ਹੈ। ਖਾਸ ਤੌਰ 'ਤੇ 'ਦਯਾਬੇਨ' ਜਾਂ 'ਦਇਆ ਭਾਬੀ' ਦਾ ਕਿਰਦਾਰ ਸ਼ੋਅ ਦਾ ਸਭ ਤੋਂ ਮਸ਼ਹੂਰ ਕਿਰਦਾਰ ਰਿਹਾ ਹੈ। ਹਾਲਾਂਕਿ ਇਹ ਕਿਰਦਾਰ ਕਈ ਸਾਲਾਂ ਤੋਂ ਸ਼ੋਅ ਤੋਂ ਗਾਇਬ ਹੈ। ਦਰਅਸਲ, ਤਾਰਕ ਮਹਿਤਾ 'ਚ 'ਦਯਾਬੇਨ' ਦਾ ਕਿਰਦਾਰ ਨਿਭਾਉਣ ਵਾਲੀ ਟੀਵੀ ਅਦਾਕਾਰਾ ਦਿਸ਼ਾ ਵਕਾਨੀ ਨੇ ਸਿਟਕਾਮ ਤੋਂ ਮੈਟਰਨਿਟੀ ਬ੍ਰੇਕ ਲੈ ਲਿਆ ਸੀ। ਉਦੋਂ ਤੋਂ ਹੀ ਪ੍ਰਸ਼ੰਸਕ ਉਸ ਦੇ ਸ਼ੋਅ 'ਚ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 'ਦਯਾਬੇਨ' ਫਿਰ ਤੋਂ ਤਾਰਕ ਮਹਿਤਾ 'ਚ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਵੇਗੀ।


ਦਿਸ਼ਾ ਵਕਾਨੀ ਉਰਫ ਦਯਾਬੇਨ ਜਲਦ ਕਰੇਗੀ ਵਾਪਸੀ


ਮਸ਼ਹੂਰ ਕਾਮੇਡੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਨੂੰ ਦਰਸ਼ਕ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਖੁਸ਼ੀ-ਖੁਸ਼ੀ ਦੇਖਦੇ ਹਨ। ਹਰ ਸਾਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸਟਾਰਡਮ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਦਾ ਹੈ ਅਤੇ ਸ਼ੋਅ ਦੇ ਪੰਦਰਾਂ ਸਾਲ ਪੂਰੇ ਹੁੰਦੇ ਹੀ ਸ਼ੋਅ ਦੇ ਮੇਕਰ ਅਸਿਤ ਮੋਦੀ ਨੇ ਵੀ ਪ੍ਰਸ਼ੰਸਕਾਂ ਨੂੰ ਤੋਹਫਾ ਦਿੱਤਾ ਹੈ। ਅਸਲ 'ਚ ਅਸਿਲ ਮੋਦੀ ਨੇ ਸ਼ੋਅ 'ਚ ਸਾਰਿਆਂ ਦੀ ਪਸੰਦੀਦਾ ਦਿਸ਼ਾ ਵਕਾਨੀ ਦੀ ਵਾਪਸੀ ਦੀ ਪੁਸ਼ਟੀ ਕਰ ਦਿੱਤੀ ਹੈ। ਸ਼ੋਅ ਦੇ ਖੂਬਸੂਰਤ ਸਫਰ ਦੀ ਰੀਕੈਪ ਨੂੰ ਇੱਕ ਖਾਸ ਈਵੈਂਟ 'ਚ ਦਿਖਾਇਆ ਗਿਆ, ਜਿਸ ਦੌਰਾਨ ਅਸਿਤ ਮੋਦੀ ਨੇ ਦਿਸ਼ਾ ਵਕਾਨੀ ਦੀ ਵਾਪਸੀ ਦਾ ਐਲਾਨ ਕੀਤਾ।


ਅਸਿਤ ਮੋਦੀ ਨੇ ਕੀਤਾ ਇਹ ਵਾਅਦਾ 


ਇਸ ਦੌਰਾਨ ਅਸਿਤ ਮੋਦੀ ਨੇ ਕਿਹਾ ਕਿ ਇਕ ਕਲਾਕਾਰ ਜਿਸ ਨੂੰ ਕੋਈ ਨਹੀਂ ਭੁੱਲ ਸਕਦਾ ਉਹ ਹੈ 'ਦਯਾਬੇਨ', ਜਿਸ ਦਾ ਕਿਰਦਾਰ ਦਿਸ਼ਾ ਵਕਾਨੀ ਨੇ ਨਿਭਾਇਆ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਪ੍ਰਸ਼ੰਸਕ ਦਿਸ਼ਾ ਦੇ ਸ਼ੋਅ 'ਤੇ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਬਾਅਦ ਉਸ ਨੇ ਵਾਅਦਾ ਕੀਤਾ ਕਿ ਉਹ ਜਲਦ ਹੀ ਸ਼ੋਅ 'ਚ ਵਾਪਸੀ ਕਰੇਗੀ। ਹਾਲਾਂਕਿ ਦਿਸ਼ਾ ਵਾਕਾਨੀ ਦੀ ਟੈਲੀਵਿਜ਼ਨ 'ਤੇ ਵਾਪਸੀ ਦੀਆਂ ਖਬਰਾਂ ਅਤੇ ਦਾਅਵੇ 6 ਸਾਲਾਂ ਤੋਂ ਚੱਲ ਰਹੇ ਹਨ। ਪਰ ਇਸ ਵਾਰ ਅਸਿਤ ਮੋਦੀ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਜਿਹੇ 'ਚ ਪ੍ਰਸ਼ੰਸਕ ਦਯਾਬੇਨ ਨੂੰ ਇਕ ਵਾਰ ਫਿਰ ਤੋਂ ਸ਼ੋਅ 'ਚ ਦੇਖਣ ਲਈ ਕਾਫੀ ਉਤਸ਼ਾਹਿਤ ਹਨ।


ਦਿਸ਼ਾ ਵਕਾਨੀ ਦਾ ਵਿਆਹੁਤਾ ਜੀਵਨ


ਦੱਸ ਦੇਈਏ ਕਿ ਦਿਸ਼ਾ ਵਕਾਨੀ ਨੇ 24 ਨਵੰਬਰ 2015 ਨੂੰ ਬਿਜ਼ਨੈੱਸਮੈਨ ਮਯੂਰ ਪਾਡੀਆ ਨਾਲ ਵਿਆਹ ਕੀਤਾ ਸੀ। ਸਾਲ 2017 'ਚ ਦੋਹਾਂ ਨੇ ਬੇਟੀ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਮੈਟਰਨਿਟੀ ਲੀਵ ਲੈ ਲਈ ਸੀ। ਬਾਅਦ ਵਿੱਚ 2022 ਵਿੱਚ, ਦਿਸ਼ਾ ਨੇ ਆਪਣੇ ਦੂਜੇ ਬੱਚੇ, ਬੇਬੀ ਬੁਆਏ ਦਾ ਸਵਾਗਤ ਕੀਤਾ। ਫਿਲਹਾਲ ਦਰਸ਼ਕ ਦਯਾਬੇਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।