ਦਿਲਜੀਤ ਦੋਸਾਂਝ ਦਾ 19 ਜੂਨ ਨੂੰ ਵੈਨਕੂਵਰ ਦੇ ਰੋਜਰਜ਼ ਐਰੇਨਾ ਸਟੇਡੀਅਮ `ਚ ਮਿਊਜ਼ਿਕ ਕਸੰਰਟ ਸੀ। ਇਹ ਸ਼ੋਅ ਸੁਪਰਹਿੱਟ ਰਿਹਾ। ਇਸ ਸਟੇਡੀਅਮ `ਚ 18,000 ਲੋਕਾਂ ਦੇ ਬੈਠਣ ਦੀ ਜਗ੍ਹਾ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਟੇਡੀਅਮ `ਚ ਕਿਤੇ ਪੈਰ ਧਰਨ ਦੀ ਵੀ ਥਾਂ ਨਹੀਂ ਸੀ। ਇਸ ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕੀਆਂ ਤੇ ਦਿਲਜੀਤ ਨੇ ਇਤਿਹਾਸ ਰਚ ਦਿਤਾ। 
ਜੀ ਹਾਂ, ਦੋਸਾਂਝ ਦੇ ਵੈਨਕੂਵਰ ਸ਼ੋਅ ਨੂੰ ਰਿਕਾਰਡ ਬਰੇਕਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਇਸ ਪ੍ਰਾਪਤੀ `ਤੇ ਹਰ ਪੰਜਾਬੀ ਹੀ ਨਹੀਂ ਬਲਕਿ ਭਾਰਤੀ ਵੀ ਮਾਣ ਮਹਿਸੂਸ ਕਰ ਰਿਹਾ ਹੈ। ਕਿਉਂਕਿ ਰੋਜਰਜ਼ ਐਰੇਨਾ ਵਿਖੇ ਕੰਸਰਟ ਕਰਨ ਵਾਲੇ ਦਿਲਜੀਤ ਇਕਲੌਤੇ ਭਾਰਤੀ ਹਨ। 


ਕੈਨੇਡੀਅਨ ਪੱਤਰਕਾਰ ਨੇ ਦਿਲਜੀਤ ਦੇ ਸੁਪਰਹਿੱਟ ਸ਼ੋਅ ਬਾਰੇ ਕਹੀ ਇਹ ਗੱਲ
ਕਹਿੰਦੇ ਨੇ ਕਿ ਲੋਕੀਂ ਦੁਨੀਆ `ਚ ਵਸਦੇ ਬਥੇਰੇ, ਪੰਜਾਬੀਆਂ ਦੀ ਸ਼ਾਨ ਵੱਖਰੀ। ਇਸ ਗੀਤ ਦੀਆਂ ਇਹ ਲਾਈਨਾਂ ਦਿਲਜੀਤ ਦੋਸਾਂਝ ਤੇ ਫਿੱਟ ਬੈਠਦੀਆਂ ਹਨ। ਉਨ੍ਹਾਂ ਦੇ ਵੈਨਕੂਵਰ ਸ਼ੋਅ ਦੀ ਧੂਮ ਚਾਰੇ ਪਾਸੇ ਮੱਚ ਗਈ ਹੈ। ਕੈਨਡੀਅਨ ਗੋਰੇ ਵੀ ਉਨ੍ਹਾਂ ਦੀ ਇਸ ਪ੍ਰਾਪਤੀ ਤੇ ਹੈਰਾਨ ਹਨ। ਕੈਨੇਡਾ ਦੀ ਜੂਲੀਆ ਲਿਪਸਕੋਂਬ ਨਾਂ ਦੀ ਪੱਤਰਕਾਰ ਨੇ ਦਿਲਜੀਤ ਦੇ ਸ਼ੋਅ `ਤੇ ਰੀਐਕਟ ਕੀਤਾ। ਉਨ੍ਹਾਂ ਆਪਣੇ ਟਵਿੱਟਰ ਅਕਾਊਂਟ `ਤੇ ਲਿਖਿਆ, "ਮੈਂ ਰੋਜਰਜ਼ ਐਰੇਨਾ ਤੋਂ ਮਹਿਜ਼ 15 ਮੀਟਰ ਦੀ ਦੂਰੀ ਤੇ ਰਹਿੰਦੀ ਹਾਂ, ਜਿਸ ਦਾ ਮਤਲਬ ਹੈ ਕਿ ਮੈਨੂੰ ਹਰ ਸਮੇਂ ਹਾਕੀ ਦੀਆਂ ਖੇਡਾਂ ਤੇ ਮਿਊਜ਼ਿਕ ਤੇ ਹੋਰ ਕੰਸਰਟਸ ਦਾ ਸ਼ੋਰ ਸੁਣਾਈ ਦਿੰਦਾ ਰਹਿੰਦਾ ਹੈ।  ਪਰ ਬੀਤੇ ਦਿਨੀਂ ਮੈਂ ਜੋ ਸੁਣਿਆ ਮੈਨੂੰ ਯਕੀਨ ਨਹੀਂ ਹੋ ਰਿਹਾ। ਮੈਂ ਅੱਜ ਤੱਕ ਇਸ ਸਟੇਡੀਅਮ `ਚ ਇੰਨੀਂ ਭੀੜ ਨਹੀਂ ਦੇਖੀ। ਇਹ ਹੈਰਾਨੀਜਨਕ ਹੈ!"









ਜੂਲੀਆ ਦੇ ਇਸ ਟਵੀਟ ਨੂੰ ਟਵਿੱਟਰ ਤੇ ਦੋਸਾਂਝ ਨੇ ਰੀਟਵੀਟ ਕੀਤਾ। ਇਸ ਦੇ ਨਾਲ ਉਨ੍ਹਾਂ ਲਿਖਿਆ, "ਪੰਜਾਬੀ।" ਨਾਲ ਹੀ ਉਨ੍ਹਾਂ ਨੇ ਇਮੋਜੀਜ਼ ਵੀ ਸ਼ੇਅਰ ਕੀਤੀਆਂ ਹਨ।




ਇਸ ਦੇ ਨਾਲ ਹੀ ਦੋਸਾਂਝ ਨੇ ਜੂਲੀਆ ਦੇ ਇਸ ਟਵੀਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ `ਤੇ ਸ਼ੇਅਰ ਕੀਤਾ। ਜਿਸ ਤੋਂ ਇਹ ਸਾਫ਼ ਜ਼ਾਹਰ ਹੁੰਦਾ ਹੈ ਕਿ ਦਿਲਜੀਤ ਇਸ ਪ੍ਰਾਪਤੀ ਤੋਂ ਬਾਅਦ ਕਿੰਨੇ ਖ਼ੁਸ਼ ਹਨ।




ਕਾਬਿਲੇਗ਼ੌਰ ਹੈ ਕਿ ਪੰਜਾਬੀ ਗੀਤਾਂ ਦਾ ਜਾਦੂ ਪੂਰੀ ਦੁਨੀਆ `ਚ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਇਸ ਤੋਂ ਪਹਿਲਾਂ ਮਈ ਮਹੀਨੇ `ਚ ਬੱਬੂ ਮਾਨ ਨੇ ਵੀ ਵੈਨਕੂਵਰ `ਚ ਸ਼ੋਅ ਕੀਤਾ ਸੀ। ਉਨ੍ਹਾਂ ਨੇ ਵੀ ਇਸ ਸ਼ੋਅ `ਚ ਇਤਿਹਾਸ ਰਚ ਦਿਤਾ ਸੀ। ਤੇ ਹੁਣ ਇਹੀ ਰਿਕਾਰਡ ਦਿਲਜੀਤ ਦੇ ਨਾਂ ਵੀ ਦਰਜ ਹੋ ਗਿਆ ਹੈ।