Diljit Dosanjh Calls The 1984 Anti-Sikh Riots A Genocide: ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਆਗਾਮੀ ਫ਼ਿਲਮ ‘ਜੋਗੀ’ 1984 ਦੇ ਸਿੱਖ ਵਿਰੋਧੀ ਦੰਗਿਆਂ ’ਤੇ ਆਧਾਰਿਤ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਕਤਲੇਆਮ ਕਿਹਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 31 ਅਕਤੂਬਰ, 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਸਿੱਖ ਸੁਰੱਖਿਆ ਮੁਲਾਜ਼ਮਾਂ ਨੇ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਹਿੰਸਾ ਭੜਕ ਉਠੀ ਸੀ। ਪੂਰੇ ਭਾਰਤ ’ਚ ਲਗਭਗ ਤਿੰਨ ਹਜ਼ਾਰ ਤੋਂ ਵੱਧ ਸਿੱਖ ਮਾਰੇ ਗਏ ਸਨ, ਜਿਨ੍ਹਾਂ ’ਚ ਸਭ ਤੋਂ ਜ਼ਿਆਦਾ ਕਤਲ ਦਿੱਲੀ ’ਚ ਹੋਏ ਸਨ।


ਨਿਊਜ਼ ਏਜੰਸੀ ਪੀਟੀਆਈ ਨਾਲ ਇੱਕ ਤਾਜ਼ਾ ਗੱਲਬਾਤ ਦੌਰਾਨ, 'ਜੋਗੀ' ਬਾਰੇ ਗੱਲ ਕਰਦੇ ਹੋਏ ਦਿਲਜੀਤ ਦੋਸਾਂਝ ਤੋਂ ਪੁੱਛਿਆ ਗਿਆ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਕਿਵੇਂ ਮਹਿਸੂਸ ਕਰਦੇ ਹਨ? ਇਸ ਦੇ ਜਵਾਬ `ਚ ਉਨ੍ਹਾਂ ਨੇ ਕਿਹਾ ਕਿ, “ਸਾਨੂੰ ਇਸ ਨੂੰ ਦੰਗੇ ਨਹੀਂ ਕਹਿਣਾ ਚਾਹੀਦਾ, ਸਹੀ ਸ਼ਬਦ ਨਸਲਕੁਸ਼ੀ ਹੈ। ਜਦੋਂ ਲੋਕਾਂ ਵਿੱਚ ਦੋ-ਪੱਖੀ ਲੜਾਈ ਹੁੰਦੀ ਹੈ, ਤਾਂ ਇਹ ਦੰਗਾ ਹੁੰਦਾ ਹੈ। ਮੇਰੇ ਹਿਸਾਬ ਨਾਲ ਇਸ ਨੂੰ ਨਸਲਕੁਸ਼ੀ ਕਿਹਾ ਜਾਣਾ ਚਾਹੀਦਾ ਹੈ। ਅਜਿਹਾ ਨਹੀਂ ਹੈ ਕਿ ਇਹ ਇੱਕ ਜਾਂ ਕੁਝ ਲੋਕਾਂ ਨਾਲ ਹੋਇਆ ਹੈ। ਮੈਂ ਜਾਣਦਾ ਹਾਂ ਕਿ ਇਹ ਸਾਡੇ ਸਾਰਿਆਂ ਨਾਲ ਸਮੂਹਿਕ ਤੌਰ 'ਤੇ ਹੋਇਆ ਹੈ।


ਦਿਲਜੀਤ ਦੋਸਾਂਝ ਨੇ ਅੱਗੇ ਕਿਹਾ, “ਜੇਕਰ ਮੈਂ ਕੁਝ ਘਟਨਾਵਾਂ ਬਾਰੇ ਗੱਲ ਕਰਾਂ, ਤਾਂ ਇਹ ਨਿੱਜੀ ਹੋਵੇਗੀ। ਅਸੀਂ ਫਿਲਮ ਵਿੱਚ ਇਸ ਬਾਰੇ ਸਮੂਹਿਕ ਤੌਰ 'ਤੇ ਗੱਲ ਕਰ ਰਹੇ ਹਾਂ। ਮੈਂ ਇਸ ਬਾਰੇ ਸੁਣਦਾ ਆ ਰਿਹਾ ਹਾਂ ਜਦੋਂ ਤੋਂ ਮੈਂ ਪੈਦਾ ਹੋਇਆ ਸੀ ਅਤੇ ਅਸੀਂ ਅਜੇ ਵੀ ਇਸ ਨਾਲ ਜੀ ਰਹੇ ਹਾਂ। ਅਸੀਂ ਸਾਰਿਆਂ ਨੇ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹਨ ਅਤੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਸੀ ਕਿ ਜ਼ਿੰਦਗੀ ਵਿੱਚ ਅਜਿਹਾ ਕੁਝ ਹੋ ਸਕਦਾ ਹੈ। ਪਰ, ਕੁਝ ਵੀ ਹੋ ਸਕਦਾ ਹੈ।"









ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ ’ਚ ਬਣੀ ਹਿੰਦੀ ਫੀਚਰ ਫ਼ਿਲਮ ‘ਜੋਗੀ’ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ’ਚ ਸਿੱਖ ਭਾਈਚਾਰੇ ਦੇ ਦਰਦ ਨੂੰ ਬਿਆਨ ਕਰੇਗੀ। ਫ਼ਿਲਮ ’ਚ ਮੁੱਖ ਭੂਮਿਕਾ ਨਿਭਾਉਣ ਵਾਲੇ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਫ਼ਿਲਮ 1984 ’ਚ ਵਾਪਰੀਆਂ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਦਾ ਸਾਂਝਾ ਚਿੱਤਰਨ ਹੈ। ਨੈੱਟਫਲਿਕਸ ’ਤੇ ਇਹ ਫ਼ਿਲਮ 16 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।