Diljit Dosanjh: ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਆਗਾਮੀ ਫਿਲਮ 'ਡਿਟੈਕਟਿਵ ਸ਼ੇਰਦਿਲ' 20 ਜੂਨ 2025 ਨੂੰ ZEE5 'ਤੇ ਰਿਲੀਜ਼ ਹੋਣ ਜਾ ਰਹੀ ਹੈ। 'ਅਮਰ ਸਿੰਘ ਚਮਕੀਲਾ' ਦੀ ਬੇਹੱਦ ਸਫਲਤਾ ਤੋਂ ਬਾਅਦ ਦਿਲਜੀਤ ਇਸ ਨਵੀਂ ਮਿਸਟਰੀ-ਕਾਮੇਡੀ ਫਿਲਮ ਵਿੱਚ ਇੱਕ ਅਨੋਖੇ ਜਾਸੂਸ ਦੀ ਭੂਮਿਕਾ ਨਿਭਾਉਣਗੇ। ਇਹ ਫਿਲਮ ਬੁਡਾਪੇਸਟ ਵਿੱਚ ਸ਼ੂਟ ਕੀਤੀ ਗਈ ਹੈ ਤੇ ਇਸ ਵਿੱਚ ਰਹੱਸ, ਹਾਸੇ ਅਤੇ ਅਣਕਿਆਸੇ ਮੋੜਾਂ ਦਾ ਸੁਮੇਲ ਹੈ, ਜੋ ਪੂਰੇ ਪਰਿਵਾਰ ਲਈ ਮਨੋਰੰਜਕ ਹੋਵੇਗੀ।

'ਡਿਟੈਕਟਿਵ ਸ਼ੇਰਦਿਲ' ਦਾ ਨਿਰਦੇਸ਼ਨ ਰਵੀ ਛਾਬੜੀਆ ਨੇ ਕੀਤਾ ਹੈ, ਜੋ ਇਸ ਦੇ ਨਾਲ ਆਪਣੀ ਨਿਰਦੇਸ਼ਕੀ ਸ਼ੁਰੂਆਤ ਕਰ ਰਹੇ ਹਨ। ਰਵੀ ਨੇ ਪਹਿਲਾਂ ਅਲੀ ਅੱਬਾਸ ਜ਼ਫਰ ਦੇ ਸਹਾਇਕ ਵਜੋਂ 'ਸੁਲਤਾਨ', 'ਭਾਰਤ' ਅਤੇ 'ਟਾਈਗਰ ਜ਼ਿੰਦਾ ਹੈ' ਵਰਗੀਆਂ ਫਿਲਮਾਂ 'ਤੇ ਕੰਮ ਕੀਤਾ ਹੈ। ਫਿਲਮ ਦੀ ਕਹਾਣੀ ਅਲੀ ਅੱਬਾਸ ਜ਼ਫਰ, ਸਾਗਰ ਬਜਾਜ ਤੇ ਰਵੀ ਛਾਬੜੀਆ ਨੇ ਲਿਖੀ ਹੈ। ਇਹ ਦਿਲਜੀਤ ਅਤੇ ਅਲੀ ਅੱਬਾਸ ਜ਼ਫਰ ਦਾ ਦੂਜਾ ਪ੍ਰਾਜੈਕਟ ਹੈ, ਜਿਨ੍ਹਾਂ ਨੇ ਪਹਿਲਾਂ 'ਜੋਗੀ' ਵਿੱਚ ਇਕੱਠੇ ਕੰਮ ਕੀਤਾ ਸੀ, ਜਿਸ ਨੂੰ ਨੈਟਫਲਿਕਸ 'ਤੇ ਸਰਾਹਨਾ ਮਿਲੀ ਸੀ।

ਫਿਲਮ ਵਿੱਚ ਦਿਲਜੀਤ ਦੇ ਨਾਲ ਡਾਇਨਾ ਪੈਂਟੀ, ਬੋਮਨ ਈਰਾਨੀ, ਬਨਿਤਾ ਸੰਧੂ, ਸੁਮੀਤ ਵਿਆਸ, ਚੰਕੀ ਪਾਂਡੇ ਅਤੇ ਰਤਨਾ ਪਾਠਕ ਸ਼ਾਹ ਵਰਗੇ ਸਿਤਾਰੇ ਵੀ ਸ਼ਾਮਲ ਹਨ। ਨਿਰਮਾਤਾ ਅਲੀ ਅੱਬਾਸ ਜ਼ਫਰ ਨੇ ਕਿਹਾ, "ਦਿਲਜੀਤ ਨਾਲ 'ਜੋਗੀ' 'ਤੇ ਕੰਮ ਕਰਨ ਤੋਂ ਬਾਅਦ, ਮੈਂ ਪੱਕਾ ਮਨ ਬਣਾ ਲਿਆ ਸੀ ਕਿ ਅਸੀਂ ਦੁਬਾਰਾ ਇਕੱਠੇ ਕੰਮ ਕਰਨਾ ਹੈ। ਉਹ ਸਾਡੇ ਸਭ ਤੋਂ ਵੱਡੇ ਸਿਤਾਰਿਆਂ ਵਿੱਚੋਂ ਇੱਕ ਹੈ, ਤੇ 'ਡਿਟੈਕਟਿਵ ਸ਼ੇਰਦਿਲ' ZEE5 'ਤੇ ਦਰਸ਼ਕਾਂ ਲਈ ਲੈ ਕੇ ਜਾਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਇਹ ਫਿਲਮ ਕਾਮੇਡੀ ਨਾਲ ਤੁਹਾਨੂੰ ਮੋਹ ਲਵੇਗੀ ਅਤੇ ਰਹੱਸ ਨਾਲ ਰੋਮਾਂਚਿਤ ਕਰੇਗੀ।"

ਨਿਰਮਾਤਾ ਹਿਮਾਂਸ਼ੂ ਮਹਿਰਾ ਨੇ ਵੀ ਦਿਲਜੀਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ, "ਬਹੁਤ ਘੱਟ ਸਿਤਾਰੇ ਅਜਿਹੇ ਹਨ ਜੋ ਹਾਸੇ ਅਤੇ ਸਸਪੈਂਸ ਨੂੰ ਇੰਨੀ ਸਰਲਤਾ ਨਾਲ ਨਿਭਾ ਸਕਦੇ ਹਨ। ਦਿਲਜੀਤ ਅਜਿਹਾ ਹੀ ਸਿਤਾਰਾ ਹੈ। ਅਸੀਂ ਇਸ ਫਿਲਮ ਨੂੰ 20 ਜੂਨ 2025 ਨੂੰ ZEE5 'ਤੇ ਲਿਆ ਕੇ ਪਰਿਵਾਰਾਂ ਨੂੰ ਇਕੱਠੇ ਮਨੋਰੰਜਨ ਦੇਣ ਲਈ ਉਤਸ਼ਾਹਿਤ ਹਾਂ।"

ਫਿਲਮ ਦਾ ਨਿਰਮਾਣ AAZ ਫਿਲਮਜ਼ ਅਤੇ ਆਫਸਾਈਡ ਐਂਟਰਟੇਨਮੈਂਟ ਦੇ ਬੈਨਰ ਹੇਠ ਹਿਮਾਂਸ਼ੂ ਮਹਿਰਾ, ਅਲੀ ਅੱਬਾਸ ਜ਼ਫਰ, ਰੋਹਿਨੀ ਸਿੰਘ ਅਤੇ ਮਨਮੀਤ ਸਿੰਘ ਨੇ ਕੀਤਾ ਹੈ। 'ਡਿਟੈਕਟਿਵ ਸ਼ੇਰਦਿਲ' ਦੀ ਸ਼ੂਟਿੰਗ 2021 ਵਿੱਚ ਪੂਰੀ ਹੋ ਗਈ ਸੀ। ਸ਼ੁਰੂ ਵਿੱਚ ਇਹ ਨੈਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਸੀ, ਪਰ ਹੁਣ ZEE5 ਨੇ ਇਸ ਨੂੰ ਪ੍ਰੀਮੀਅਰ ਕਰਨ ਦਾ ਐਲਾਨ ਕੀਤਾ ਹੈ।