Diljit Dosanjh Video: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਹਨ। ਉਹ ਹਾਲ ਹੀ 'ਚ ਨਿਮਰਤ ਖਹਿਰਾ ਦੇ ਨਾਲ ਫਿਲਮ 'ਜੋੜੀ' 'ਚ ਨਜ਼ਰ ਆਏ ਸੀ। ਇਸ ਦੇ ਨਾਲ ਨਾਲ ਅਪ੍ਰੈਲ ਮਹੀਨੇ 'ਚ ਦਿਲਜੀਤ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ ਕਰਕੇ ਵੀ ਖੂਬ ਚਰਚਾ 'ਚ ਰਹੇ ਸੀ।
ਸਭ ਨੂੰ ਪਤਾ ਹੈ ਕਿ ਸਾਲ 1984 'ਚ ਜੂਨ ਦੇ ਮਹੀਨੇ 'ਚ ਅਪਰੇਸ਼ਨ ਬਲੂ ਸਟਾਰ ਹੋਇਆ ਸੀ, ਜਿਸ ਵਿੱਚ ਇੰਦਰਾ ਗਾਂਧੀ ਦੇ ਇਸ਼ਾਰੇ 'ਤੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਸੀ। ਹੁਣ ਇਸੇ ਨਾਲ ਸਬੰਧਤ ਦਿਲਜੀਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ '84 ਦੇ ਦੰਗਿਆਂ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਦਿਲਜੀਤ ਨੇ ਕਿਹਾ ਕਿ '84 ਦਾ ਦਰਦ ਹਰ ਸਿੱਖ ਦੇ ਦਿਲ 'ਚ ਹੈ। ਇਸ ਦਰਦ ਨੂੰ ਉਦੋਂ ਤੱਕ ਨਹੀਂ ਭੁਲਾਇਆ ਜਾ ਸਕਦਾ, ਜਦੋਂ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ। ਜਦੋਂ ਵੀ ਉਹ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਹਨ, ਉਨ੍ਹਾਂ ਨੂੰ ਉਹ ਸੀਨ ਯਾਦ ਆ ਜਾਂਦਾ ਹੈ ਕਿ ਕਿਵੇਂ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਸੀ। ਦੇਖੋ ਇਹ ਵੀਡੀਓ:
ਦੱਸ ਦਈਏ ਕਿ ਦਿਲਜੀਤ ਦੋਸਾਂਝ ਹਮੇਸ਼ਾ ਹੀ '84 ਸਿੱਖ ਵਿਰੋਧੀ ਦੰਗਿਆਂ ਬਾਰੇ ਗੱਲ ਕਰਦੇ ਰਹੇ ਹਨ। ਦਿਲਜੀਤ ਨੇ ਹਾਲ ਹੀ 'ਚ ਫਿਲਮ 'ਜੋਗੀ' 'ਚ ਵੀ ਕੰਮ ਕੀਤਾ ਸੀ, ਇਹ ਫਿਲਮ '84 ਸਿੱਖ ਵਿਰੋਧੀ ਦੰਗਿਆਂ 'ਤੇ ਆਧਾਰਤ ਸੀ। ਇਸ ਦੇ ਨਾਲ ਨਾਲ ਦਿਲਜੀਤ ਨੇ ਇੱਕ ਇੰਟਰਵਿਊ 'ਚ ਇਹ ਵੀ ਕਿਹਾ ਸੀ ਕਿ '84 ਸਿੱਖ ਵਿਰੋਧੀ ਦੰਗੇ ਨਹੀਂ ਸੀ। ਦੰਗੇ ਤਾਂ ਉਹ ਹੁੰਦੇ ਹਨ ਜਿੱਥੇ ਦੋ ਧਾਰਮਿਕ ਸੰਗਠਨਾਂ ਦਾ ਟਕਰਾਅ ਹੋਵੇ। 1984 'ਚ ਸਿੱਖਾਂ ਨਾਲ ਜੋ ਹੋਇਆ ਉਹ ਦੰਗੇ ਨਹੀਂ, ਸਿੱਖ ਨਸਲਕੁਸ਼ੀ ਸੀ। ਕਿਉਂਕਿ ਹਜ਼ਾਰਾਂ ਮਾਸੂਮ ਤੇ ਨਿਹੱਥੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਸੀ। ਦੇਖੋ ਇਹ ਵਡਿੀਓ:
ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਅਤੇ ਫਿਲਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਦਿਲਜੀਤ ਇਨ੍ਹੀਂ ਦਿਨੀਂ ਆਪਣੀ ਫਿਲਮ ਜੋੜੀ ਅਤੇ ਅਮਰ ਸਿੰਘ ਚਮਕੀਲਾ ਨੂੰ ਲੈ ਚਰਚਾ ਬਟੋਰ ਰਹੇ ਹਨ। ਦੱਸ ਦੇਈਏ ਕਿ ਫਿਲਮ ਜੋੜੀ ਵਿੱਚ ਦੋਸਾਂਝਾਵਾਲਾ ਅਦਾਕਾਰਾ ਅਤੇ ਗਾਇਕਾ ਨਿਮਰਤ ਖਹਿਰਾ ਨਾਲ ਕਮਾਲ ਦਿਖਾਉਂਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਜਲਦ ਹੀ ਦਿਲਜੀਤ ਅਮਰ ਸਿੰਘ ਚਮਕੀਲਾ ਵਿੱਚ ਪਰਿਣੀਤੀ ਚੋਪੜਾ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਣਗੇ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਦੱਸ ਦੇਈਏ ਕਿ ਇਸਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫਿਲਮ ਨੂੰ ਨੈਟਫਲਿਕਸ ਉੱਪਰ ਰਿਲੀਜ਼ ਕੀਤਾ ਜਾਵੇਗਾ।