Babe Bhangra Paunde Ne OTT Release: ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਸਟਾਰਰ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਨੇ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ। ਹੁਣ ਤੁਸੀਂ ਇਸ ਫਿਲਮ ਨੂੰ ਘਰ ਵਿੱਚ ਬੈਠ ਕੇ ਦੇਖ ਸਕਦੇ ਹੋ। ਜੀ ਹਾਂ, 6 ਜਨਵਰੀ ਨੂੰ 'ਬਾਬੇ ਭੰਗੜਾ ਪਾਉਂਦੇ ਨੇ' ਓਟੀਟੀ ਪਲੇਟਫਾਰਮ ਜ਼ੀ-5 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਦਰਸ਼ਕਾਂ ਨੇ ਸਿਨੇਮਾਘਰਾਂ 'ਚ ਕਾਫੀ ਪਿਆਰ ਦਿੱਤਾ ਸੀ। ਹੁਣ ਪੰਜਾਬੀ ਫਿਲਮਾਂ ਦੇ ਦੀਵਾਨੇ ਇਸ ਫਿਲਮ ਨੂੰ ਆਪਣੇ ਘਰ 'ਚ ਬੈਠ ਕੇ ਦੇਖਣ ਲਈ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਦੱਸ ਦਈਏ ਕਿ ਇਹ ਫਿਲਮ ਅਕਤੂਬਰ ਮਹੀਨੇ 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਦੀ ਰੋਮਾਂਟਿਕ ਕੈਮਿਸਟਰੀ ਤੇ ਕਾਮਿਕ ਟਾਈਮਿੰਗ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ। ਇਸ ਫਿਲਮ ਨੇ ਖਾਸ ਸਮਾਜਕ ਸੰਦੇਸ਼ ਵੀ ਦਿੱਤਾ ਸੀ।
ਬਾਬੇ ਭੰਗੜੇ ਪਾਉਂਦੇ ਨੇ ਅਮਰਜੀਤ ਸਿੰਘ ਸਰੋਂ ਦੁਆਰਾ ਨਿਰਦੇਸ਼ਤ ਅਤੇ ਥਿੰਦ ਮੋਸ਼ਨ ਫਿਲਮਜ਼ ਦੁਆਰਾ ਸਟੋਰੀਟਾਈਮ ਪ੍ਰੋਡਕਸ਼ਨ ਦੇ ਨਾਲ ਸਹਿ-ਨਿਰਮਤ ਹੈ, ਜਿਸ ਵਿੱਚ ਜੱਗੀ (ਦਿਲਜੀਤ ਦੋਸਾਂਝ) ਅਤੇ ਉਸਦੇ ਦੋ ਦੋਸਤਾਂ ਬਾਰੇ ਇੱਕ ਕਹਾਣੀ ਹੈ ਜੋ ਅਮੀਰ ਬਣਨ ਅਤੇ ਇੱਕ ਵੱਡਾ ਕਰਜ਼ਾ ਚੁਕਾਉਣ ਦੇ ਤੇਜ਼ ਤਰੀਕੇ ਲੱਭ ਰਹੇ ਹਨ। ਇਹ ਕਹਾਣੀ ਇੱਕ ਬਜ਼ੁਰਗ ਵਿਅਕਤੀ ਨੂੰ ਕਾਨੂੰਨੀ ਤੌਰ 'ਤੇ ਗੋਦ ਲੈਣ ਲਈ ਅਤੇ ਬਾਅਦ ਵਿੱਚ ਉਸਦੇ ਮਰਨ ਉਪਰੰਤ ਬੀਮੇ ਦੇ ਪੈਸੇ ਲੈਣ ਦੀ ਚਾਹ ਲਈ ਤਿੰਨੋਂ ਦੋਸਤ ਇੱਕ ਬਿਰਧ ਆਸ਼ਰਮ ਜਾਂਦੇ ਹਨ ਜਿੱਥੇ ਉਹ ਇਕਬਾਲ ਨਾਮ ਦੇ ਬਜ਼ੁਰਗ ਨੂੰ ਮਿਲਦੇ ਹਨ ਜਿਸ ਨੂੰ ਉਸਦੇ ਬੱਚਿਆਂ ਦੁਆਰਾ ਛੱਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜੱਗੀ ਨੇ ਇਕਬਾਲ ਨੂੰ ਆਪਣੀ ਜ਼ਿੰਦਗੀ ਵਿਚ ਇਕ ਪਿਤਾ ਵਰਗੀ ਸ਼ਖਸੀਅਤ ਵਜੋਂ ਸਵੀਕਾਰ ਕੀਤਾ, ਭਾਵੇਂ ਕਿ ਉਸ ਦੀਆਂ ਇਹ ਸਕੀਮਾਂ ਦਾ ਪਰਦਾਫਾਸ਼ ਹੋ ਜਾਂਦਾ ਹੈ।
'ਬਾਬੇ ਭੰਗੜੇ ਪਾਉਂਦੇ ਨੇ' ਨੂੰ ਦਰਸ਼ਕਾਂ ਦੁਆਰਾ ਸਕਾਰਾਤਮਕ ਤੌਰ 'ਤੇ ਸਵੀਕਾਰ ਕੀਤਾ ਗਿਆ ਸੀ ਅਤੇ ਇਸ ਨੂੰ 7.4 ਦੀ IMDB ਰੇਟਿੰਗ ਮਿਲੀ ਹੈ। ਆਪਣੀ ਦਿਲਚਸਪ ਕਹਾਣੀ ਦੇ ਨਾਲ ਬਾਬੇ ਭੰਗੜੇ ਪਾਉਂਦੇ ਨੇ ਦਰਸ਼ਕਾਂ ਨੂੰ ਇੱਕ ਕਾਮੇਡੀ ਅਤੇ ਹਾਸੇ-ਮਜ਼ਾਕ ਵਾਲਾ ਪਲਾਟ ਪ੍ਰਦਾਨ ਕਰੇਗੀ। ਇਹ ਫਿਲਮ 190+ ਦੇਸ਼ਾਂ ਵਿੱਚ ZEE5 'ਤੇ ਵਿਸ਼ੇਸ਼ ਤੌਰ 'ਤੇ ਉਪਲਬਧ ਹੋਵੇਗੀ।
ਨਿਰਮਾਤਾ - ਦਲਜੀਤ ਥਿੰਦ ਦਾ ਕਹਿਣਾ ਹੈ, "ਬਾਬੇ ਭੰਗੜੇ ਪਾਉਂਦੇ ਨੇ ਕਾਮੇਡੀ, ਰੋਮਾਂਸ ਅਤੇ ਡਰਾਮੇ ਨਾਲ ਭਰਪੂਰ ਹੈ। ਫਿਲਮ ਨੂੰ ਸਿਨੇਮਾਘਰਾਂ ਵਿੱਚ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ ਅਤੇ ਮੈਂ ZEE5 'ਤੇ ਫਿਲਮ ਦੀ ਦੂਜੀ ਪਾਰੀ ਦੀ ਉਡੀਕ ਕਰ ਰਿਹਾ ਹਾਂ। ਇਹ ਫਿਲਮ ਇਸ ਪਲੇਟਫਾਰਮ ਰਾਹੀਂ 190+ ਦੇਸ਼ਾਂ ਦੇ ਦਰਸ਼ਕਾਂ ਤੱਕ ਪਹੁੰਚੇਗੀ ਅਤੇ ਮੈਨੂੰ ਬਹੁਤ ਵਧੀਆ ਹੁੰਗਾਰੇ ਦੀ ਉਮੀਦ ਹੈ।”
ਅਦਾਕਾਰ- ਨਿਰਮਾਤਾ ਦਿਲਜੀਤ ਦੋਸਾਂਝ ਨੇ ਅੱਗੇ ਕਿਹਾ, “ਬਾਬੇ ਭੰਗੜੇ ਪਾਉਂਦੇ ਨੇ ਮੇਰੇ ਦਿਲ ਦੇ ਬਹੁਤ ਨੇੜੇ ਹੈ ਕਿਉਂਕਿ ਮੈਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਅਤੇ ਕੰਮ ਕੀਤਾ ਹੈ ਅਤੇ ਸਰਗੁਣ ਮਹਿਤਾ ਦੇ ਸਹਿ-ਅਦਾਕਾਰਾ ਦੇ ਤੌਰ ਕੰਮ ਕਰਨ ਨੇ ਫਿਲਮ ਨੂੰ ਆਸਾਨ ਬਣਾ ਦਿੱਤਾ ਹੈ। ਉਹ ਬਿਹਤਰੀਨ ਅਭਿਨੇਤਰੀਆਂ ਵਿੱਚੋਂ ਇੱਕ ਹੈ। ਫਿਲਮ ਇੱਕ ਮਜ਼ੇਦਾਰ, ਪਰਿਵਾਰਕ ਮਨੋਰੰਜਨ ਹੈ ਅਤੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਲਿਆਵੇਗੀ। ZEE5 'ਤੇ ਫਿਲਮ ਦਾ ਵਿਸ਼ਵ ਡਿਜੀਟਲ ਪ੍ਰੀਮੀਅਰ ਹੋਣ ਦੇ ਨਾਲ, ਸਾਡੀ ਫਿਲਮ ਨੂੰ ਵਿਸ਼ਵ ਪੱਧਰ 'ਤੇ ਪਹੁੰਚ ਮਿਲੇਗੀ ਜਿਸ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਸਿਨੇਮਾਘਰਾਂ 'ਚ ਇਸ ਦੀ ਸਫਲਤਾ ਤੋਂ ਬਾਅਦ, ਮੈਂ ਪਲੇਟਫਾਰਮ 'ਤੇ ਇਸ ਨੂੰ ਦੇਖਣ ਲਈ ਵਧੇਰੇ ਦਰਸ਼ਕਾਂ ਦੀ ਉਡੀਕ ਕਰ ਰਿਹਾ ਹਾਂ।
ਅਭਿਨੇਤਰੀ ਸਰਗੁਣ ਮਹਿਤਾ ਨੇ ਪ੍ਰੀਮੀਅਰ 'ਤੇ ਆਪਣਾ ਉਤਸ਼ਾਹ ਸਾਂਝਾ ਕੀਤਾ, "ਮੈਂ ਬਹੁਤ ਖੁਸ਼ ਹਾਂ ਕਿ ਹਰ ਰੋਲ ਦੇ ਨਾਲ ਮੈਨੂੰ ਕੁਝ ਵੱਖਰਾ ਕਰਨ ਦਾ ਮੌਕਾ ਮਿਲਦਾ ਹੈ ਅਤੇ ਬਾਬੇ ਭੰਗੜੇ ਪਾਉਂਦੇ ਨੇ ਮੈਨੂੰ ਇੱਕ ਵੱਖਰਾ ਮੌਕਾ ਪ੍ਰਦਾਨ ਕੀਤਾ ਹੈ। ਫਿਲਮ ਦੀ ਕਹਾਣੀ ਬੇਹੱਦ ਦਿਲਚਸਪ ਹੈ ਜੋ ਕਾਮੇਡੀ ਮੋੜਾਂ ਦੇ ਨਾਲ ਦਰਸ਼ਕਾਂ ਦਾ ਦਿਲ ਛੂਹ ਲਵੇਗੀ। ਦਿਲਜੀਤ ਨਾਲ ਇਹ ਮੇਰਾ ਪਹਿਲਾ ਪ੍ਰਾਜੈਕਟ ਹੈ ਅਤੇ ਮੇਰਾ ਉਹਨਾਂ ਨਾਲ ਫਿਲਮ ਦੀ ਸ਼ੂਟਿੰਗ ਕਰਨ ਦਾ ਅਨੁਭਵ ਬਹੁਤ ਵਧੀਆ ਰਿਹਾ। ਬਾਬੇ ਭੰਗੜੇ ਪਾਉਂਦੇ ਨੇ ਸਿਨੇਮਾਘਰਾਂ ਵਿੱਚ ਸਫਲ ਹੋਣ ਤੋਂ ਬਾਅਦ, ਮੈਂ ZEE5 'ਤੇ ਫਿਲਮ ਲਈ ਦਰਸ਼ਕਾਂ ਦੇ ਭਰਵੇਂ ਹੁੰਗਾਰੇ ਦੀ ਉਡੀਕ ਕਰ ਰਹੀ ਹਾਂ। 6 ਜਨਵਰੀ 2023 ਨੂੰ ZEE5 'ਤੇ ਵਿਸ਼ੇਸ਼ ਤੌਰ 'ਤੇ ਸਟ੍ਰੀਮਿੰਗ 'ਬਾਬੇ ਭੰਗੜੇ ਪਾਉਂਦੇ ਨੇ' ਦੇਖੋ