Flood in Punjab: ਪੰਜਾਬ ਵਿੱਚ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ, ਜਿਸ ਕਰਕੇ 1200 ਪਿੰਡ ਵੀ ਡੁੱਬ ਗਏ ਹਨ ਅਤੇ ਲੱਖਾਂ ਲੋਕਾਂ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਇਨ੍ਹਾਂ ਦੀ ਮਦਦ ਕਰਨ ਲਈ ਪੰਜਾਬ ਗੀਤਕਾਰਾਂ ਅਤੇ ਹੋਰ ਲੋਕਾਂ ਨੇ ਕਾਫੀ ਹੱਥ ਵਧਾਇਆ ਹੈ। ਇਸ ਦੇ ਨਾਲ ਹੀ  ਉਨ੍ਹਾਂ ਨੇ 10 ਪਿੰਡਾਂ ਨੂੰ ਗੋਦ ਲੈਕੇ ਉਨ੍ਹਾਂ ਦੀ ਬਾਂਹ ਫੜਨ ਦੀ ਗੱਲ ਆਖੀ ਹੈ।

 ਉੱਥੇ ਹੀ ਹੁਣ ਦਿਲਜੀਤ ਦੋਸਾਂਝ ਨੇ ਇਸ ਤਬਾਹੀ ਨੂੰ ਦੇਖਦਿਆਂ ਹੋਇਆਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਕੇ ਹੜ੍ਹ ਪੀੜਤਾਂ ਦਾ ਹੌਂਸਲਾ ਵਧਾਇਆ ਹੈ ਅਤੇ ਚਿੰਤਾ ਜ਼ਾਹਰ ਕੀਤੀ ਹੈ। ਦਿਲਜੀਤ ਦੋਸਾਂਝ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਹਾਲਾਤ ਹੜ੍ਹ ਕਾਰਨ ਬਹੁਤ ਖਰਾਬ ਹਨ। ਫਸਲਾਂ ਖਰਾਬ ਹੋ ਗਈਆਂ ਹਨ। ਪਸ਼ੂ ਮਰ ਰਹੇ। ਲੋਕਾਂ ਦੇ ਘਰ ਰੁੜ ਚੁੱਕੇ ਹਨ। ਲੋਕਾਂ ਦੀਆਂ ਜ਼ਿੰਦੀਆਂ ਤਬਾਹ ਹੋ ਗਈਆਂ ਹਨ। ਪੰਜਾਬ ਜ਼ਖ਼ਮੀ ਹੈ ਪਰ ਹਾਰਿਆ ਨਹੀਂ ਹੈ।

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪੰਜਾਬ ਦੀ ਗੋਦ 'ਚੋਂ ਉੱਠੇ ਹਾਂ, ਪੰਜਾਬ ਨੇ ਸਾਨੂੰ ਗੋਦ ਲਿਆ ਹੈ ਅਤੇ ਅਸੀਂ ਪੰਜਾਬ ਦੀ ਗੋਦ ਵਿਚ ਹੀ ਮਰਨਾ ਹੈ। ਜਿੰਨੇ ਵੀ ਪੀੜਤ ਪਰਿਵਾਰ ਹਨ, ਅਸੀਂ ਉਨ੍ਹਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਉਨ੍ਹਾਂ ਨਾਲ ਹਾਂ। ਅਜਿਹਾ ਨਹੀਂ ਕਿ ਰਾਸ਼ਨ-ਪਾਣੀ ਦੇ ਕੇ ਗੱਲ ਖਤਮ ਹੋ ਜਾਵੇਗੀ। ਜਦੋਂ ਤੱਕ ਉਨ੍ਹਾਂ ਦੀ ਜ਼ਿੰਦਗੀ ਦੁਬਾਰਾ ਪੱਟੜੀ 'ਤੇ ਨਹੀਂ ਆ ਜਾਂਦੀ, ਉਦੋਂ ਤੱਕ ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ।

ਇਸ ਦੌਰਾਨ ਉਨ੍ਹਾਂ ਨੇ ਲੋਕਲ ਐੱਨ.ਜੀ.ਓ., ਲੋਕਲ ਮੀਡੀਆ ਦਾ ਵੀ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਕੰਮ ਦੀ ਪ੍ਰੰਸ਼ਸਾ ਕੀਤੀ। ਉਨ੍ਹਾਂ ਅੱਗੇ ਪੰਜਾਬ ਦੇ ਨੌਜਵਾਨਾਂ ਦਾ ਵੀ ਧੰਨਵਾਦ ਕੀਤਾ, ਜੋ ਖੁਦ ਅੱਗੇ ਆਇਆ ਅਤੇ ਇਸ ਸਥਿਤੀ ਨੂੰ ਸੰਭਾਲ ਰਿਹਾ ਹੈ। ਮੇਰੇ ਜਿੰਨੇ ਵੀ ਸਰੋਤ ਹਨ, ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਉਨ੍ਹਾਂ ਨਾਲ ਗੱਲ ਕੀਤੀ ਹੈ ਉਹ ਸਭ ਪੰਜਾਬ ਦੀ ਮਦਦ ਕਰਨ ਲਈ ਤਿਆਰ ਹਨ। ਇਸ ਮੁਸੀਬਤ 'ਚੋ ਅਸੀਂ ਬਾਹਰ ਨਿਕਲ ਜਾਵਾਂਗੇ। ਪੰਜਾਬ 'ਤੇ ਪਹਿਲਾਂ ਵੀ ਕਈ ਮੁਸੀਬਤਾਂ ਆ ਚੁੱਕੀਆਂ ਪਰ ਅਸੀਂ ਇਸ 'ਚੋਂ ਵੀ ਜਲਦੀ ਨਿਕਲ ਜਾਵਾਂਗੇ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇੰਨੀ ਸ਼ਕਤੀ ਦੇਵੇ ਕਿ ਅਸੀਂ ਸਾਰੇ ਭੈਣ-ਭਰਾ ਮਿਲ ਕੇ ਇਸ ਮੁਸੀਬਤ 'ਚੋਂ ਬਾਹਰ ਆ ਸਕੀਏ ਅਤੇ ਇਕ ਵਾਰ ਫਿਰ ਤੋਂ ਜ਼ਿੰਦਗੀਆਂ ਦੁਬਾਰਾ ਲੀਹ 'ਤੇ ਆ ਸਕਣ।