ਅਮੈਲੀਆ ਪੰਜਾਬੀ ਦੀ ਰਿਪੋਰਟ


ਡੱਚ ਕਿਸਾਨਾਂ ਨੇ ਸੋਮਵਾਰ ਨੂੰ ਨੀਦਰਲੈਂਡਜ਼ `ਚ ਸ਼ਹਿਰਾਂ ਵਿੱਚ ਸੁਪਰਮਾਰਕਿਟ ਵੰਡ ਕੇਂਦਰਾਂ ਨੂੰ ਰੋਕ ਕੇ ਵਿਰੋਧ ਪ੍ਰਦਰਸ਼ਨ ਕੀਤਾ। ਦਰਅਸਲ ਉੱਥੋਂ ਦੀ ਸਰਕਾਰ ਕਿਸਾਨਾਂ ਦੇ ਵੱਲੋਂ ਘੱਟ ਖਾਦ ਦੀ ਵਰਤੋਂ ਕਰਨ ਤੇ ਪਸ਼ੂ ਪਾਲਣ `ਤੇ ਪਾਬੰਦੀ ਲਗਾਉਣ ਦੀ ਤਿਆਰੀ ਵਿੱਚ ਹੈ। ਜਾਣਕਾਰੀ ਦੇ ਮੁਤਾਬਕ ਸਰਕਾਰ ਇਸ ਯੋਜਨਾ ਨੂੰ 2030 ਤੱਕ ਨੇਪਰੇ ਚਾੜ੍ਹ ਸਕਦੀ ਹੈ। 


ਸਰਕਾਰ ਦੇ ਇਸ ਫਤਵੇ ਕਰਕੇ ਕਿਸਾਨ ਸੜਕਾਂ `ਤੇ ਉੱਤਰਨ ਲਈ ਮਜਬੂਰ ਹੋਏ ਹਨ। ਕਿਸਾਨ ਪਿਛਲੇ ਲੰਬੇ ਸਮੇਂ ਤੋਂ ਇਸ ਨੂੰ ਲੈਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਹ ਕਿਸਾਨ ਪ੍ਰਦਰਸ਼ਨ ਪੂਰੀ ਦੁਨੀਆ `ਚ ਸੁਰਖੀਆਂ ਬਟੋਰ ਰਿਹਾ ਹੈ। ਹੁਣ ਡੱਚ ਕਿਸਾਨਾਂ ਦੇ ਨਾਲ ਇਸ ਪ੍ਰਦਰਸ਼ਨ `ਚ ਮਛੇਰੇ ਵੀ ਉਨ੍ਹਾਂ ਦੇ ਸਮਰਥਨ `ਚ ਉੱਤਰ ਆਏ ਹਨ। ਦਰਅਸਲ, ਉੱਥੋਂ ਦੀ ਸਰਕਾਰ ਨਾਈਟਰੋਜਨ ਆਕਸਾਈਡ ਦੀ ਨਿਕਾਸੀ 50 ਫ਼ੀਸਦੀ ਘਟਾਉਣਾ ਚਾਹੁੰਦੀ ਹੈ, ਜਿਸ ਕਰਕੇ ਕਿਸਾਨਾਂ ਨੂੰ ਖੇਤੀ ਕਰਨ `ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਕਿਸਾਨਾਂ ;`ਤੇ ਪਸ਼ੂ ਪਾਲਣ `ਤੇ ਵੀ ਪਾਬੰਦੀ ਲਗਾ ਦਿਤੀ ਜਾਵੇਗੀ। ਜਿਸ ਦੇ ਵਿਰੋਧ `ਚ ਕਿਸਾਨਾਂ ਨੇ ਟਰੈਕਟਰ ਮੋਰਚਾ ਖੋਲ੍ਹ ਦਿਤਾ ਹੈ। ਕਿਸਾਨ ਟਰੈਕਟਰ ਲੈਕੇ ਸੜਕਾਂ `ਤੇ ਉੱਤਰ ਆਏ ਹਨ ਅਤੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।


ਬੱਬੂ ਮਾਨ ਨੇ ਸ਼ੇਅਰ ਕੀਤੀ ਤਸਵੀਰ, ਕਿਸਾਨ ਪ੍ਰਦਰਸ਼ਨ ਨੂੰ ਦਿਤਾ ਸਮਰਥਨ
ਉੱਧਰ, ਉੱਘੇ ਪੰਜਾਬੀ ਗਾਇਕ ਬੱਬੂ ਮਾਨ ਨੀਦਰਲੈਂਡਜ਼ ਦੇ ਕਿਸਾਨਾਂ ਦੇ ਸਮਰਥਨ `ਚ ਉੱਤਰ ਆਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ `ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਕਿਸਾਨਾਂ ਵਲੋਂ ਟਰੈਕਟਰਾਂ ਨਾਲ ਰੋਡ ਬਲੌਕ ਕਰਨ ਦੀਆਂ ਤਸਵੀਰਾਂ ਹਨ।









ਇਸ ਦੇ ਨਾਲ ਹੀ ਗਾਇਕ ਨੇ ਇੱਕ ਲੰਬਾ ਚੌੜਾ ਨੋਟ ਵੀ ਲਿਖਿਆ ਹੈ। ਪੜ੍ਹੋ ਨੋਟ:




ਕੈਪਸ਼ਨ `ਚ ਮਾਨ ਨੇ ਲਿਖਿਆ, "ਨੀਦਰਲੈਂਡਜ਼ ਵਿੱਚ ਚਲ ਰਹੇ ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਹਾਂ....ਤੂੰ ਫ਼ਸਲਾਂ ਨੂੰ ਰੋਂਦੀ ਆ, ਇੱਥੇ ਘਾਹ ਨੀ ਹੋਣਾ, ਇੱਕੋ ਦਿਨ ਇਨਕਲਾਬ ਲਿਆ ਨਹੀਂ ਹੋਣਾ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ"।


ਕਾਬਿਲੇਗ਼ੌਰ ਹੈ ਕਿ ਭਾਰਤ ਦੇ ਕਿਸਾਨਾਂ ਨਾਲ ਵੀ ਬੱਬੂ ਮਾਨ ਡਟ ਕੇ ਖੜੇ ਹੁੰਦੇ ਨਜ਼ਰ ਆਏ ਸੀ। ਉਨ੍ਹਾਂ ਕਿਸਾਨਾਂ ਦੇ ਸਰਕਾਰ ਖਿਲਾਫ਼ ਪ੍ਰਦਰਸ਼ਨ ਨੂੰ ਖੁੱਲ੍ਹ ਕੇ ਸਮਰਥਨ ਦਿਤਾ ਸੀ। ਹੁਣ ਮਾਨ ਵੱਲੋਂ ਨੀਦਰਲੈਂਡਜ਼ ਦੇ ਕਿਸਾਨਾਂ ਨੂੰ ਸਮਰਥਨ ਦਿਤਾ ਗਿਆ ਹੈ।