Phone Bhoot, Mili And Double XL Box Office Report: ਸਾਲ 2022 ਬਾਲੀਵੁੱਡ ਇੰਡਸਟਰੀ ਲਈ ਠੀਕ ਨਹੀਂ ਰਿਹਾ ਹੈ। ਬਾਲੀਵੁੱਡ ਦੀਆਂ 80 ਫੀਸਦੀ ਫ਼ਿਲਮਾਂ ਨੂੰ ਜਨਤਾ ਨੇ ਬੁਰੀ ਤਰ੍ਹਾਂ ਨਕਾਰਿਆ ਹੈ। ਇਨ੍ਹਾਂ ਫ਼ਿਲਮਾਂ `ਚ ਆਮਿਰ ਖਾਨ ਤੇ ਅਕਸ਼ੇ ਕੁਮਾਰ ਵਰਗੇ ਦਿੱਗਜ ਕਲਾਕਾਰਾਂ ਦੀਆਂ ਫ਼ਿਲਮਾਂ ਵੀ ਸ਼ਾਮਲ ਹਨ। 3-4 ਫ਼ਿਲਮਾਂ ਨੂੰ ਛੱਡ ਹੋਰ ਕੋਈ ਫ਼ਿਲਮ ਬਾਕਸ ਆਫ਼ਿਸ `ਤੇ ਚੰਗਾ ਕਾਰੋਬਾਰ ਨਹੀਂ ਕਰ ਪਾਈ ਹੈ। ਪਿਛਲੇ ਦਿਨੀਂ ਰਿਲੀਜ਼ ਹੋਈਆਂ ਫ਼ਿਲਮਾਂ `ਥੈਂਕ ਗੌਡ` ਤੇ `ਰਾਮ ਸੇਤੂ` ਦੀ ਹਾਲਤ ਬੁਰੀ ਰਹੀ ਹੈ। ਇਹ ਫ਼ਿਲਮਾਂ ਆਪਣਾ ਖਰਚਾ ਵੀ ਨਹੀਂ ਕੱਢ ਸਕੀਆਂ। ਹੁਣ ਫ਼ਿਰ ਤੋਂ ਉਹੀ ਸੀਨ ਦੇਖਣ ਨੂੰ ਮਿਲ ਰਿਹਾ ਹੈ। 


ਫ਼ਿਲਮਾਂ ਦਾ ਬਾਕਸ ਆਫ਼ਿਸ ਕਲੈਕਸ਼ਨ ਨਾ ਦੇ ਬਰਾਬਰ
ਬੀਤੇ ਦਿਨ ਯਾਨਿ 4 ਨਵੰਬਰ ਸ਼ੁੱਕਰਵਾਰ ਨੂੰ 3 ਫ਼ਿਲਮਾਂ ਇਕੱਠੀਆਂ ਰਿਲੀਜ਼ ਹੋਈਆਂ ਸੀ। ਇਹ ਫ਼ਿਲਮਾਂ ਸੀ ਕੈਟਰੀਨਾ ਕੈਫ਼ ਦੀ `ਫੋਨ ਭੂਤ`, ਜਾਨ੍ਹਵੀ ਕਪੂਰ ਦੀ `ਮਿਲੀ` ਤੇ ਸੋਨਾਕਸ਼ੀ ਸਿਨਹਾ ਦੀ `ਡਬਲ ਐਕਸਐਲ`। ਇਨ੍ਹਾਂ ਤਿੰਨੇ ਫ਼ਿਲਮਾਂ ਦੀ ਬਾਕਸ ਆਫ਼ਿਸ ਰਿਪੋਰਟ ਆ ਗਈ ਹੈ ਅਤੇ ਪਹਿਲੇ ਦਿਨ ਫ਼ਿਲਮਾਂ ਦੀ ਹਾਲਤ ਖਰਾਬ ਰਹੀ ਹੈ (ਕੈਟਰੀਨਾ ਕੈਫ਼ ਦੀ ਫੋਨ ਭੂਤ ਨੂੰ ਛੱਡ ਕੇ)। ਪਰ ਦੂਜੇ ਪਾਸੇ, ਕੈਟਰੀਨਾ ਕੈਫ਼ ਭੂਤ ਬਣ ਕੇ ਲੋਕਾਂ ਦਾ ਦਿਲ ਜਿੱਤਣ `ਚ ਕਾਮਯਾਬ ਹੋ ਗਈ ਹੈ। ਤਾਂ ਆਓ ਦੱਸਦੇ ਹਾਂ ਕਿ ਪਹਿਲੇ ਦਿਨ ਕਿਹੜੀ ਫ਼ਿਲਮ ਨੇ ਕਿੰਨਾ ਕਾਰੋਬਾਰ ਕੀਤਾ ਹੈ।


'ਡਬਲ ਐਕਸਐਲ' ਨੂੰ ਜਨਤਾ ਨੇ ਨਕਾਰਿਆ
ਫ਼ਿਲਮ `ਡਬਲ ਐਕਸਐਲ` ਨੂੰ ਲੈਕੇ ਲੰਬੇ ਸਮੇਂ ਤੋਂ ਚਰਚਾ ਸੀ, ਜੋ ਸ਼ੁੱਕਰਵਾਰ ਨੂੰ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ `ਚ ਸੋਨਾਕਸ਼ੀ ਸਿਨਹਾ ਤੇ ਹੁਮਾ ਕੁਰੈਸ਼ੀ ਨੇ ਕਮਾਲ ਦੀ ਐਕਟਿੰਗ ਕੀਤੀ ਹੈ। ਫ਼ਿਲਮ ਸਮਾਜ ਨੂੰ ਬਹੁਤ ਵਧੀਆ ਸੰਦੇਸ਼ ਦਿੰਦੀ ਹੈ। ਇਹੀ ਨਹੀਂ ਸੋਨਾਕਸ਼ੀ ਤੇ ਹੁਮਾ ਨੇ ਫ਼ਿਲ਼ਮ ਦਾ ਕਾਫ਼ੀ ਪ੍ਰਮੋਸ਼ਨ ਵੀ ਕੀਤਾ ਸੀ। ਪਰ ਉਸ ਸਭ ਦੇ ਬਾਵਜੂਦ ਫ਼ਿਲਮ ਨੂੰ ਬਾਕਸ ਆਫ਼ਿਸ `ਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ।ਪਹਿਲੇ ਦਿਨ ਇਸ ਫ਼ਿਲਮ ਨੇ ਸਿਰਫ਼ 25 ਲੱਖ ਦਾ ਕਾਰੋਬਾਰ ਕੀਤਾ ਹੈ।




ਜਾਨ੍ਹਵੀ ਕਪੂਰ ਦੀ ਫ਼ਿਲਮ `ਮਿਲੀ` ਦਾ ਬੁਰਾ ਹਾਲ
ਜੋ ਹਾਲਤ ਪਹਿਲੇ ਦਿਨ `ਡਬਲ ਐਕਸਐਲ` ਦੀ ਹੋਈ, ਉਹ ਹਾਲਤ ਜਾਨ੍ਹਵੀ ਕਪੂਰ ਦੀ ਫ਼ਿਲਮ `ਮਿਲੀ` ਦੀ ਹੋਈ ਹੈ। ਪਰ ਇਸ ਦੀ ਹਾਲਤ ਸੋਨਾਕਸ਼ੀ ਦੀ ਫ਼ਿਲਮ ਤੋਂ ਥੋੜ੍ਹੀ ਬੇਹਤਰ ਹੈ। ਪਹਿਲੇ ਦਿਨ `ਮਿਲੀ` ਨੇ ਮਹਿਜ਼ 50 ਲੱਖ ਦੀ ਕਮਾਈ ਕੀਤੀ ਹੈ। ਫ਼ਿਲਮ `ਚ ਜਾਨ੍ਹਵੀ ਦੇ ਕਿਰਦਾਰ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਆਪਣੇ ਕਿਰਦਾਰ ਲਈ ਜਾਨ੍ਹਵੀ ਨੇ ਕਾਫ਼ੀ ਮੇਹਨਤ ਵੀ ਕੀਤੀ ਹੈ। ਇਹੀ ਨਹੀਂ ਉਸ ਨੇ ਕਈ ਦਿਨ ਮਾਈਨਸ 15 ਡਿਗਰੀ ਤਾਪਮਾਨ `ਚ ਗੁਜ਼ਾਰੇ।




ਕੈਟਰੀਨਾ ਕੈਫ਼ ਦੀ ਫ਼ਿਲਮ ਨੂੰ ਵਧੀਆ ਰਿਸਪੌਂਸ
ਦੂਜੇ ਪਾਸੇ, ਕੈਟਰੀਨਾ ਕੈਫ਼ ਬਾਲੀਵੁੱਡ ਦੀ ਇੱਜ਼ਤ ਬਚਾਉਣ `ਚ ਕਾਮਯਾਬ ਰਹੀ ਹੈ। ਪਹਿਲੇ ਦਿਨ `ਫੋਨ ਭੂਤ` ਨੇ ਸੋਨਾਕਸ਼ੀ ਤੇ ਜਾਨ੍ਹਵੀ ਦੀ ਫ਼ਿਲਮ ਨਾਲੋਂ ਕਾਫ਼ੀ ਵਧੀਆ ਕਮਾਈ ਕੀਤੀ। ਪਹਿਲੇ ਦਿਨ `ਫੌਨ ਭੂਤ` ਨੇ 2-3 ਕਰੋੜ ਦਾ ਕਾਰੋਬਾਰ ਕੀਤਾ ਹੈ। ਹਾਲਾਂਕਿ ਜੇ ਰਾਤ ਦੇ ਸ਼ੋਅਜ਼ ਲੋਕ ਦੇਖਦੇ ਹਨ ਤਾਂ ਫ਼ਿਲਮ ਦਾ ਕਲੈਕਸ਼ਨ ਹੋਰ ਵਧਣ ਦੀ ਉਮੀਦ ਹੈ। ਇਸ ਦੇ ਨਾਲ ਨਾਲ ਫ਼ਿਲਮ ਦਾ ਮਿਊਜ਼ਿਕ ਵੀ ਲੋਕਾਂ ਨੂੰ ਪਸੰਦ ਆ ਰਿਹਾ ਹੈ। ਕੈਟਰੀਨਾ ਕੈਫ਼ ਭੂਤ ਬਣ ਕੇ ਦਰਸ਼ਕਾਂ ਦਾ ਦਿਲ ਜਿੱਤਣ `ਚ ਕਾਮਯਾਬ ਰਹੀ ਹੈ। ਲੋਕ ਇਸ ਫ਼ਿਲਮ ਪੈਸਾ ਵਸੂਲ ਫ਼ਿਲਮ ਦੱਸ ਰਹੇ ਹਨ। 




ਕਾਬਿਲੇਗ਼ੌਰ ਹੈ ਕਿ ਸਾਲ 2022 `ਚ `ਭੂਲ ਭੁਲੱਈਆ 2`, `ਜੁਗ ਜੁਗ ਜੀਓ`, `ਦ ਕਸ਼ਮੀਰ ਫਾਈਲਜ਼` ਵਰਗੀਆਂ ਫ਼ਿਲਮਾਂ ਨੇ ਬਾਲੀਵੁੱਡ ਇੰਡਸਟਰੀ ਦੀ ਇੱਜ਼ਤ ਬਚਾਈ ਹੈ। ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਸ ਦੇ ਨਾਲ ਨਾਲ ਇਨ੍ਹਾਂ ਫ਼ਿਲਮਾਂ ਨੇ ਬਾਕਸ ਆਫ਼ਿਸ `ਤੇ ਕਮਾਈ ਦੇ ਰਿਕਾਰਡ ਵੀ ਤੋੜੇ ਸੀ। ਹੁਣ ਦੇਖਣਾ ਇਹ ਹੈ ਕਿ ਜਿਸ ਤਰ੍ਹਾਂ ਲੋਕ ਕੈਟਰੀਨਾ ਕੈਫ਼ ਦੀ ਫ਼ਿਲਮ ਨੂੰ ਰਿਸਪੌਂਸ ਦੇ ਰਹੇ ਹਨ। ਉਸ ਤਰ੍ਹਾਂ ਅਦਾਕਾਰਾ ਦੀ ਫ਼ਿਲਮ ਪਰਫ਼ਾਰਮ ਕਰ ਕੇ ਇਸ ਸਾਲ ਦੀ ਗਿਣਤੀ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ `ਚ ਸ਼ੁਮਾਰ ਹੋ ਪਾਉਂਦੀ ਹੈ ਜਾਂ ਨਹੀਂ।