Actor Arrest: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਪ੍ਰਸ਼ੰਸਕ ਵੀ ਸਦਮੇ ਵਿੱਚ ਹਨ। ਦਰਅਸਲ, ਮਸ਼ਹੂਰ ਮਲਿਆਲਮ ਅਦਾਕਾਰ ਦੀ ਗ੍ਰਿਫ਼ਤਾਰੀ ਦੀ ਖ਼ਬਰ ਨੇ ਇੰਡਸਟਰੀ ਵਿੱਚ ਤਰਥੱਲੀ ਮਚਾ ਦਿੱਤੀ ਹੈ। ਖ਼ਬਰਾਂ ਵਿੱਚ ਰਹਿਣ ਵਾਲੇ ਸ਼ਾਈਨ ਟੌਮ ਚਾਕੋ ਨੂੰ ਹੁਣ ਕਥਿਤ ਤੌਰ 'ਤੇ ਡਰੱਗਜ਼ ਦਾ ਸੇਵਨ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੇਰਲ ਪੁਲਿਸ ਨੇ ਬੀਤੇ ਦਿਨੀਂ ਸ਼ਾਈਨ ਨੂੰ ਗ੍ਰਿਫ਼ਤਾਰ ਕੀਤਾ। ਕਿਹਾ ਜਾ ਰਿਹਾ ਹੈ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ, ਅਦਾਕਾਰ ਤੋਂ ਏਰਨਾਕੁਲਮ ਟਾਊਨ ਨੌਰਥ ਪੁਲਿਸ ਸਟੇਸ਼ਨ ਵਿੱਚ 4 ਘੰਟੇ ਪੁੱਛਗਿੱਛ ਕੀਤੀ ਗਈ। ਬੁੱਧਵਾਰ ਦੇਰ ਰਾਤ ਇੱਕ ਹੋਟਲ 'ਤੇ ਛਾਪੇਮਾਰੀ ਦੌਰਾਨ ਸ਼ਾਈਨ ਟੌਮ ਚਾਕੋ ਨੂੰ ਵੀ ਭੱਜਦੇ ਦੇਖਿਆ ਗਿਆ ਸੀ।
ਸ਼ਾਈਨ ਟੌਮ ਚਾਕੋ ਨੂੰ ਗ੍ਰਿਫ਼ਤਾਰ ਕੀਤਾ ਗਿਆ
ਇਸ ਮਾਮਲੇ ਵਿੱਚ, ਪੁਲਿਸ ਨੇ ਅਦਾਕਾਰ ਨੂੰ ਸੰਮਨ ਜਾਰੀ ਕੀਤਾ ਸੀ ਅਤੇ ਬੀਤੇ ਦਿਨੀਂ ਉਨ੍ਹਾਂ ਨੂੰ ਸਵੇਰੇ 10 ਵਜੇ ਪੁਲਿਸ ਸਟੇਸ਼ਨ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਸ਼ਾਈਨ ਟੌਮ ਚਾਕੋ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਦਾਕਾਰ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ, ਅਦਾਕਾਰ ਨੇ ਆਪਣੇ ਬਿਆਨ ਵਿੱਚ ਕੀ ਕਿਹਾ ਹੈ? ਇਹ ਵੀ ਖੁਲਾਸਾ ਹੋ ਗਿਆ ਹੈ।
ਪੁਲਿਸ ਨੂੰ ਦੇਖ ਹੋਟਲ ਤੋਂ ਕਿਉਂ ਭੱਜਿਆ ਸੀ ਅਦਾਕਾਰ ?
ਮਲਿਆਲਮ ਅਦਾਕਾਰ ਨੇ ਆਪਣੇ ਬਚਾਅ ਵਿੱਚ ਕਿਹਾ ਹੈ ਕਿ ਉਹ ਹੋਟਲ ਵਿੱਚ ਛਾਪੇਮਾਰੀ ਦੌਰਾਨ ਪੁਲਿਸ ਟੀਮ ਨੂੰ ਦੇਖ ਕੇ ਭੱਜ ਗਿਆ ਸੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਉਹ ਪੁਲਿਸ ਵਾਲੇ ਨਹੀਂ ਸਗੋਂ ਬਦਮਾਸ਼ ਹਨ। ਅਦਾਕਾਰ ਨੇ ਕਿਹਾ ਕਿ ਉਸਨੂੰ ਲੱਗਾ ਕਿ ਇਹ ਲੋਕ ਉਸ 'ਤੇ ਹਮਲਾ ਕਰਨ ਦੇ ਇਰਾਦੇ ਨਾਲ ਆਏ ਸਨ। ਜੇਕਰ ਮੀਡੀਆ ਰਿਪੋਰਟਾਂ 'ਤੇ ਵਿਸ਼ਵਾਸ ਕੀਤਾ ਜਾਵੇ, ਤਾਂ ਪੁਲਿਸ ਨੇ ਅਦਾਕਾਰ ਦੇ ਕਾਲ ਰਿਕਾਰਡ ਤੋਂ ਲੈ ਕੇ ਉਸ ਦੀਆਂ ਵਟਸਐਪ ਚੈਟਾਂ ਤੱਕ ਸਭ ਕੁਝ ਸੰਭਾਲ ਕੇ ਰੱਖਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਕੋਲ ਅਦਾਕਾਰ ਦੇ ਹੋਟਲ ਤੋਂ ਭੱਜਣ ਦੀ ਸੀਸੀਟੀਵੀ ਫੁਟੇਜ ਵੀ ਹੈ।
ਪੁਲਿਸ ਨੂੰ ਅਦਾਕਾਰ ਦੇ ਕਮਰੇ ਵਿੱਚੋਂ ਨਸ਼ੀਲਾ ਪਦਾਰਥ ਨਹੀਂ ਮਿਲੇ
ਜਾਣਕਾਰੀ ਅਨੁਸਾਰ, ਪੁਲਿਸ ਨੂੰ ਸ਼ਾਈਨ ਟੌਮ ਚਾਕੋ ਦੇ ਕਮਰੇ ਵਿੱਚੋਂ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ। ਪੁਲਿਸ ਦਾ ਕਹਿਣਾ ਹੈ ਕਿ ਸ਼ਾਈਨ ਟੌਮ ਚਾਕੋ ਪਹਿਲਾਂ ਹੀ DANSAF ਦੁਆਰਾ ਨਿਗਰਾਨੀ ਹੇਠ ਸੀ। ਹੁਣ ਜਿਸ ਤਰ੍ਹਾਂ ਉਹ ਹੋਟਲ ਤੋਂ ਭੱਜ ਕੇ ਆਪਣੇ ਦੋਸਤ ਨਾਲ ਬਾਈਕ 'ਤੇ ਚਲਾ ਗਿਆ, ਉਸ ਦੀ ਇਸ ਹਰਕਤ ਨੇ ਸ਼ੱਕ ਨੂੰ ਹੋਰ ਵੀ ਡੂੰਘਾ ਕਰ ਦਿੱਤਾ ਹੈ।