ਚੰਡੀਗੜ੍ਹ: ਬੌਲੀਵੁੱਡ ਅਦਾਕਾਰਾ ਕੰਗਣਾ ਰਣੌਤ ਪੰਜਾਬੀਆਂ ਨਾਲ ਪੰਗਾ ਲੈ ਕੇ ਕਸੂਤੀ ਘਿਰ ਗਈ ਹੈ। ਪੰਜਾਬ ਦੇ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਕੰਗਣਾ ਖਿਲਾਫ ਪੋਸਟਾਂ ਦਾ ਹੜ੍ਹ ਲਿਆ ਦਿੱਤਾ ਹੈ। ਕੰਗਣਾ ਨੂੰ ਆਮ ਲੋਕਾਂ ਤੋਂ ਲੈ ਕੇ ਪੰਜਾਬ ਦੇ ਕਲਾਕਾਰਾਂ ਨੇ ਵੀ ਠੋਕਵਾਂ ਜਵਾਬ ਦਿੱਤਾ ਹੈ। ਪੌਲੀਵੁੱਡ ਅਦਾਕਾਰਾਂ ਤੇ ਕਲਾਕਾਰਾਂ ਨੇ ਕੰਗਣਾ ਖਿਲਾਫ ਕਈ ਪੋਸਟਾਂ ਪਾਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਅਕਸਰ ਟ੍ਰੋਲਰਾਂ ਨੂੰ ਮੂੰਹਤੋੜ ਜਵਾਬ ਦੇਣ ਵਾਲੀ ਕੰਗਣਾ ਹੁਣ ਸੋਸ਼ਲ ਮੀਡੀਆ ਤੋਂ ਲੋਪ ਹੀ ਹੋ ਗਈ ਹੈ। ਦਰਅਸਲ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਪੰਜਾਬ ਦੀ ਬਿਰਧ ਔਰਤ ਦੀ ਤਸਵੀਰ ਆਪਣੇ ਖਾਤੇ ’ਤੇ ਸਾਂਝੀ ਕਰਨ ਸਮੇਤ ਸੰਘਰਸ਼ ਕਰ ਰਹੇ ਕਿਸਾਨਾਂ ਵਿਰੁੱਧ ਪੋਸਟਾਂ ਪਾਈਆਂ ਗਈਆਂ। ਇਸ ’ਤੇ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਨਾਲ ਜੁੜੇ ਵਿਅਕਤੀਆਂ ਵੱਲੋਂ ਕੰਗਨਾ ਖ਼ਿਲਾਫ਼ ਨਿੱਤਰਦਿਆਂ ਉਸ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ, ਗਿੱਪੀ ਗਰੇਵਾਲ, ਜੈਜ਼ੀ ਬੀ, ਐਮੀ ਵਿਰਕ, ਗੁਰੂ ਰੰਧਾਵਾ, ਅਦਾਕਾਰਾ ਸਰਗੁਣ ਮਹਿਤਾ, ਸਿੰਮੀ ਚਾਹਲ, ਸਾਰਾ ਗੁਰਪਾਲ, ਪ੍ਰਭ ਗਿੱਲ, ਗੁਰਪ੍ਰੀਤ ਘੁੱਗੀ ਤੋਂ ਇਲਾਵਾ ਹੋਰ ਬਹੁਤ ਸਾਰੇ ਅਦਾਕਾਰਾਂ ਤੇ ਗਾਇਕਾਂ ਵੱਲੋਂ ਕੰਗਨਾ ਰਣੌਤ ਨੂੰ ਖੁੱਲ੍ਹ ਕੇ ਟਵਿੱਟਰ ਤੇ ਫ਼ੇਸਬੁੱਕ ’ਤੇ ਵੰਗਾਰਿਆ ਗਿਆ ਹੈ। ਇਸ ਤੋਂ ਪਹਿਲਾਂ ਕਾਮੇਡੀਅਨ ਕਪਿਲ ਸ਼ਰਮਾ, ਬੌਲੀਵੁੱਡ ਅਦਾਕਾਰ ਸੋਨੂੰ ਸੂਦ, ਗਾਇਕ ਹਨੀ ਸਿੰਘ, ਅਦਾਕਾਰਾ ਨੀਰੂ ਬਾਜਵਾ, ਆਦਿ ਵੀ ਕਿਸਾਨਾਂ ਲਈ ਹਾਅ ਦਾ ਨਾਅਰਾ ਮਾਰ ਚੁੱਕੇ ਹਨ। ਉਧਰ, ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਕੰਗਨਾ ਰਣੌਤ ਖਿਲਾਫ ਸ਼ਿਕਾਇਤ ਦੇ ਕੇ ਕੇਸ ਦਰਜ ਕਰਨ ਦੀ ਅਪੀਲ ਕੀਤੀ ਹੈ। ਯੂਥ ਵਿੰਗ ਦੇ ਪ੍ਰਧਾਨ ਵੇਦ ਪ੍ਰਕਾਸ਼ ਬਬਲੂ ਨੇ ਦੋਸ਼ ਲਾਇਆ ਕਿ ਕੰਗਨਾ ਨੇ ਕਿਸਾਨ ਬੀਬੀਆਂ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਇਸ ਲਈ ਕੰਗਨਾ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜੇ ਪੁਲਿਸ ਨੇ ਕੇਸ ਦਰਜ ਨਾ ਕੀਤਾ ਤਾਂ ‘ਆਪ’ ਦਾ ਯੂਥ ਵਿੰਗ ਰੋਸ ਧਰਨੇ ਦੇਵੇਗਾ।