ਮੁੰਬਈ: ਬਾਲੀਵੁੱਡ ਐਕਟਰ ਜੌਨ ਅਬ੍ਰਾਹਮ ਇੰਡਸਟਰੀ ਦੇ ਉਨ੍ਹਾਂ ਐਕਟਰਾਂ ‘ਚ ਸ਼ਾਮਲ ਹਨ ਜਿਨ੍ਹਾਂ ਨੂੰ ਐਕਸ਼ਨ ਤੇ ਦੇਸ਼ਭਗਤੀ ‘ਤੇ ਆਧਾਰਿਤ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਉੱਧਰ ਸਿਆਸਤ ਤੋਂ ਲੈ ਬਿਆਨਬਾਜ਼ੀ ਤਕ ਜੌਨ ਅਬ੍ਰਾਹਮ ਕੋਸਾਂ ਦੂਰ ਰਹਿੰਦੇ ਹਨ। ਪਰ ਹਾਲ ਹੀ ‘ਚ ਜੌਨ ਅਬ੍ਰਾਹਮ ਨੇ ਇੱਕ ਈਵੈਂਟ ‘ਚ ਬੇਹੱਦ ਸਿੱਧੇ ਅੰਦਾਜ਼ ‘ਚ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ।

ਮੁੰਬਈ ‘ਚ ‘ਦ ਗੌਡ ਹੂ ਲੱਵਡ ਮੋਟਰਬਾਈਕਸ’ ਦੇ ਲਾਚਿੰਗ ਈਵੇਂਟ ‘ਚ ਜੌਨ ਅਬ੍ਰਾਹਮ ਨੇ ਇਸ ਮੁੱਦੇ ‘ਤੇ ਗੱਲ ਕੀਤੀ ਕਿ ਹੁਣ ਤਕ ਮੋਡਿਫਾਈਡ 'Modi-fied’ ਕਿਉਂ ਨਹੀ ਹੋਇਆ। ਘੱਟ ਹੀ ਲੋਕ ਜਾਣਦੇ ਹਨ ਕਿ ਜੌਨ ਅਬ੍ਰਾਹਮ ਮੂਲ ਤੌਰ ‘ਤੇ ਕੇਰਲ ਨਾਲ ਸਬੰਧ ਰੱਖਦੇ ਹਨ।



ਜੌਨ ਨੇ ਈਵੈਂਟ ‘ਚ ਕਿਹਾ, “ਇਹ ਸਾਡੇ ਕੇਰਲ ਦੀ ਖੁਬਸੂਰਤੀ ਹੈ। ਤੁਸੀਂ ਇੱਥੇ ਹਰ ਮੀਟਰ ਦੀ ਦੂਰੀ ‘ਤੇ ਮੰਦਰ ਵੇਖ ਸਕਦੇ ਹੋ, ਮਸਜਿਦ ਵੇਖ ਸਕਦੇ ਹੋ, ਚਰਚ ਵੀ ਵੇਖ ਸਕਦੇ ਹੋ ਜੋ ਬਗੈਰ ਕਿਸੇ ਪ੍ਰੇਸ਼ਾਨੀ ਤੋਂ ਸ਼ਾਂਤੀ ਨਾਲ ਇੱਥੇ ਹਨ। ਇੱਥੇ ਅਜਿਹਾ ਕੋਈ ਮੁੱਦਾ ਨਹੀਂ ਹੈ। ਜਿੱਥੇ ਪੂਰੀ ਦੁਨੀਆ ਇਸ ਸਮੇਂ ਪੋਲਰਾਈਜ਼ਡ ਹੈ ਉੱਥੇ ਹੀ ਕੇਰਲ ਇੱਕ ਅਜਿਹਾ ਉਦਾਹਰਨ ਪੇਸ਼ ਕਰਦਾ ਹੈ ਜਿੱਥੇ ਸਾਰੇ ਧਰਮ ਤੇ ਜਾਤਾਂ ਇੱਕ ਦੂਜੇ ਦੇ ਨਾਲ ਬੇਹਦ ਸ਼ਾਂਤੀ ਨਾਲ ਮਿਲਕੇ ਰਹਿੰਦੇ ਹਨ”।

ਦੱਸ ਦਈਏ ਕਿ ਲੋਕ ਸਭਾ ਚੋਣਾਂ ‘ਚ ਬੀਜੇਪੀ ਨੂੰ ਕੇਰਲ ‘ਚ ਇੱਕ ਵੀ ਸੀਟ ਨਹੀਂ ਮਿਲੀ ਸੀ। ਇਸ ਦੇ ਨਾਲ ਹੀ ਅੱਜ ਤਕ ਬੀਜੇਪੀ ਕੇਰਲ ‘ਚ ਕਦੇ ਸੱਤਾ ‘ਚ ਨਹੀਂ ਆਈ ਹੈ।