Kangana Release: ਪੰਜਾਬ ਦੇ ਲੋਕ ਕੰਗਨਾ ਰਣੌਤ ਦੀ ਐਮਰਜੈਂਸੀ ਨਹੀਂ ਦੇਖ ਸਕਣਗੇ। ਸੂਬੇ ਦੇ ਥੀਏਟਰ ਮਾਲਕਾਂ ਨੇ ਇਸਸ ਫਿਲਮ ਦੇ ਵਿਰੁੱਧ ਵੱਡਾ ਫੈਸਲਾ ਲਿਆ ਹੈ। ਜਦੋਂ ਕਿ ਇਹ ਫਿਲਮ ਅੱਜ ਪੂਰੇ ਭਾਰਤ ਵਿੱਚ ਰਿਲੀਜ਼ ਹੋ ਗਈ ਹੈ, ਪੰਜਾਬ ਦੇ ਸਿਨੇਮਾ ਮਾਲਕਾਂ ਨੇ ਫਿਲਮ ਨੂੰ ਨਾ ਦਿਖਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਇਹ ਧਿਆਨ ਦੇਣ ਯੋਗ ਹੈ ਕਿ ਪ੍ਰਸ਼ਾਸਨ ਨੇ ਸੂਬੇ ਵਿੱਚ ਫਿਲਮ 'ਤੇ ਕੋਈ ਪਾਬੰਦੀ ਨਹੀਂ ਲਗਾਈ ਹੈ।
ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਕੰਗਨਾ ਰਣੌਤ ਦੀ ਫ਼ਿਲਮ ਸਿੱਖਾਂ ਨੂੰ ਬਦਨਾਮ ਕਰਨ ਦੇ ਦੋਸ਼ ਹੇਠ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ। ਵੀਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਇੱਕ ਪੱਤਰ ਲਿਖ ਕੇ ਸੂਬੇ ਵਿੱਚ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਇਸ ਫਿਲਮ ਨੂੰ ਲੈ ਕੇ ਪੰਜਾਬ ਵਿੱਚ ਕਈ ਥਾਵਾਂ ਉੱਤੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਇੱਕ ਸ਼੍ਰੋਮਣੀ ਕਮੇਟੀ ਮੈਂਬਰ ਨੇ ANI ਨਾਲ ਗੱਲਬਾਤ ਕਰਦਿਆਂ ਕਿਹਾ, "ਸਾਡਾ ਅੱਜ ਦਾ ਵਿਰੋਧ ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਨੂੰ ਲੈ ਕੇ ਹੈ। ਇਸ ਫਿਲਮ ਵਿੱਚ ਸਿੱਖ ਧਰਮ ਦੇ ਇਤਿਹਾਸ ਅਤੇ 1984 ਦੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਅਸੀਂ ਪਹਿਲਾਂ ਵੀ ਇਸਦਾ ਟੀਜ਼ਰ ਆਉਣ 'ਤੇ ਇਸਦਾ ਵਿਰੋਧ ਕੀਤਾ ਸੀ, ਪਰ ਸਰਕਾਰ ਨੇ ਇਸਦੇ ਵਿਰੁੱਧ ਕੁਝ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਸਿਨੇਮਾ ਮਾਲਕਾਂ ਨੇ ਅੱਜ ਫਿਲਮ ਨਹੀਂ ਲਗਾਈ ਪਰ ਸਾਨੂੰ ਦਿਨ ਬੀਤਦੇ ਦੇਖਣਾ ਪਵੇਗਾ। ਜੇ ਇਹ ਇਸੇ ਤਰ੍ਹਾਂ ਚੱਲਦਾ ਰਿਹਾ, ਤਾਂ ਇਹ ਠੀਕ ਰਹੇਗਾ, ਨਹੀਂ ਤਾਂ ਫਿਲਮ ਰਿਲੀਜ਼ ਹੋਣ 'ਤੇ ਇਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕਾਨੂੰਨ ਵਿਵਸਥਾ ਦੀ ਵਿਗੜਨ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ... ਕਿਉਂਕਿ ਅਸੀਂ ਮੁੱਖ ਮੰਤਰੀ ਨੂੰ ਵੀ ਲਿਖਿਆ ਸੀ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ..."
ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਫਿਲਮ ਦੀ ਰਿਲੀਜ਼ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਕਾਂਗਰਸ ਪਾਰਟੀ ਪੰਜਾਬ ਦੇ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਫਿਲਮ ਵਿੱਚ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਇਸ ਤਰ੍ਹਾਂ ਇਹ ਦੇਸ਼ ਵਿੱਚ ਭਾਈਚਾਰੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਫਿਲਮ ਵਿੱਚ ਜੋ ਦਿਖਾਇਆ ਗਿਆ ਹੈ ਉਹ ਸਹੀ ਨਹੀਂ ਹੈ।
ਜ਼ਿਕਰ ਕਰ ਦਈਏ ਕਿ ਕੰਗਨਾ ਰਣੌਤ ਐਮਰਜੈਂਸੀ ਵਿੱਚ ਨਾ ਸਿਰਫ਼ ਮੁੱਖ ਭੂਮਿਕਾ ਨਿਭਾ ਰਹੀ ਹੈ ਬਲਕਿ ਇਸਦਾ ਨਿਰਦੇਸ਼ਨ ਵੀ ਕੀਤਾ ਹੈ। ਇਹ ਫਿਲਮ 1975 ਤੋਂ 1977 ਤੱਕ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਲਗਾਈ ਗਈ 21 ਮਹੀਨਿਆਂ ਦੀ ਐਮਰਜੈਂਸੀ ਦੀ ਪੜਚੋਲ ਕਰਦੀ ਹੈ, ਜਿਸਨੂੰ ਅਕਸਰ ਸੁਤੰਤਰ ਭਾਰਤ ਦਾ ਸਭ ਤੋਂ ਕਾਲਾ ਅਧਿਆਇ ਕਿਹਾ ਜਾਂਦਾ ਹੈ।