Aamir Khan On Bollywood Movies: ਆਮਿਰ ਖਾਨ ਅਤੇ ਕਰੀਨਾ ਕਪੂਰ ਕਰਨ ਜੌਹਰ ਦੇ ਸ਼ੋਅ ਕੌਫੀ ਵਿਦ ਕਰਨ ਦੇ ਨਵੇਂ ਐਪੀਸੋਡ ਵਿੱਚ ਨਜ਼ਰ ਆਏ। ਜਿੱਥੇ ਦੋਵਾਂ ਨੇ ਆਪਣੇ ਪਰਸਨਲ ਤੋਂ ਲੈ ਕੇ ਪ੍ਰੋਫੈਸ਼ਨਲ ਤੱਕ ਹਰ ਗੱਲ 'ਤੇ ਖੁੱਲ ਕੇ ਚਰਚਾ ਕੀਤੀ। ਇੰਨਾ ਹੀ ਨਹੀਂ ਕਈ ਅਜਿਹੇ ਖੁਲਾਸੇ ਕੀਤੇ ਗਏ ਹਨ, ਜਿਨ੍ਹਾਂ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ। ਇਨ੍ਹੀਂ ਦਿਨੀਂ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਕਰੀਨਾ ਕਪੂਰ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਸ਼ੋਅ 'ਚ ਕਰਨ ਨੇ ਆਮਿਰ ਨੂੰ ਕਿਹਾ ਕਿ ਉਨ੍ਹਾਂ ਦੀ ਵਜ੍ਹਾ ਨਾਲ ਹਿੰਦੀ ਸਿਨੇਮਾ ਸਾਊਥ ਸਿਨੇਮਾ ਤੋਂ ਪਿੱਛੇ ਰਹਿ ਗਿਆ ਹੈ। ਕਰਨ ਨੇ ਆਮਿਰ ਨੂੰ ਪੁੱਛਿਆ ਕਿ ਦੱਖਣੀ ਫਿਲਮਾਂ ਜਿਵੇਂ RRR ਅਤੇ ਪੁਸ਼ਪਾ ਵਾਂਗ ਹਿੰਦੀ ਫਿਲਮਾਂ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਿਉਂ ਨਹੀਂ ਕਰ ਰਹੀਆਂ ਹਨ।


ਬਾਲੀਵੁੱਡ ਫਿਲਮਾਂ ਦੇ ਕੰਮ ਨਾ ਕਰਨ ਬਾਰੇ ਆਮਿਰ ਖਾਨ ਨਾਲ ਗੱਲ ਕਰਦੇ ਹੋਏ ਕਰਨ ਜੌਹਰ ਨੇ ਕਿਹਾ- ਦੱਖਣ ਇੰਡਸਟਰੀ ਨੇ RRR, KGF, ਪੁਸ਼ਪਾ ਅਤੇ ਬਾਹੂਬਲੀ ਵਰਗੀਆਂ ਫਿਲਮਾਂ ਦਿੱਤੀਆਂ ਹਨ ਜੋ ਹਿੱਟ ਹੋਈਆਂ ਹਨ ਅਤੇ ਸਾਡੀਆਂ ਕੁਝ ਫਿਲਮਾਂ ਚੰਗਾ ਕਾਰੋਬਾਰ ਨਹੀਂ ਕਰ ਸਕੀਆਂ ਹਨ। ਕੀ ਸਾਡੀਆਂ ਫਿਲਮਾਂ ਵਿੱਚ ਕੋਈ ਹਾਲੀਆ ਬਦਲਾਅ ਆਇਆ ਹੈ, ਕਿਉਂ ਅਸੀਂ ਇੰਡਸਟਰੀ ਨੂੰ ਕੇਜੀਐਫ਼ ਤੇ ਪੁਸ਼ਪਾ ਵਰਗੀਆਂ ਫ਼ਿਲਮਾਂ ਦੇਣ `ਚ ਨਾਕਾਮਯਾਬ ਹੋ ਰਹੇ ਹਾਂ? 


ਕਰਨ ਨੇ ਇਹ ਗੱਲ ਕਹੀ
ਆਪਣੀ ਗੱਲ ਸਮਝਾਉਂਦੇ ਹੋਏ ਕਰਨ ਨੇ ਕਿਹਾ- ਸਾਲ 2001 'ਚ ਤੁਸੀਂ 'ਦਿਲ ਚਾਹੁੰਦਾ ਹੈ' ਅਤੇ 'ਲਗਾਨ' ਵਰਗੀਆਂ ਦੋ ਫਿਲਮਾਂ ਲੈ ਕੇ ਆਏ ਸੀ। ਦੋਵਾਂ ਫ਼ਿਲਮਾਂ ਵਿੱਚ ਇੱਕ ਨਵੀਂ ਤੇ ਅਲੱਗ ਕਹਾਣੀ ਦਰਸ਼ਕਾਂ ਨੂੰ ਦੇਖਣ ਮਿਲੀ ਸੀ। ਇਸ ਤੋਂ ਬਾਅਦ ਸਾਲ 2006 'ਚ ਤੁਸੀਂ 'ਰੰਗ ਦੇ ਬਸੰਤੀ' ਲੈ ਕੇ ਆਏ, ਇਸ ਤੋਂ ਬਾਅਦ 'ਤਾਰੇ ਜ਼ਮੀਨ ਪਰ'। ਉਸ ਦੇ ਨਤੀਜੇ ਦੇਖ ਕੇ ਤੁਸੀਂ ਉਸ ਅਨੁਸਾਰ ਫ਼ਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।


ਆਮਿਰ ਖਾਨ ਨੇ ਕਰਨ ਦੀ ਦਲੀਲ ਨੂੰ ਨਕਾਰਿਆ
ਕਰਨ ਦੀਆਂ ਸਾਰੀਆਂ ਗੱਲਾਂ ਨੂੰ ਨਕਾਰਦੇ ਹੋਏ ਆਮਿਰ ਖਾਨ ਨੇ ਕਿਹਾ- ਨਹੀਂ ਤੁਸੀਂ ਗਲਤ ਹੋ। ਉਨ੍ਹਾਂ ਫ਼ਿਲਮਾਂ ਵਿੱਚ ਜਜ਼ਬਾਤ ਸਨ। ਉਨ੍ਹਾਂ ਫ਼ਿਲਮਾਂ ਦੀਆਂ ਕਹਾਣੀਆਂ ਨੇ ਆਮ ਆਦਮੀ ਦੇ ਦਿਲ ਤੱਕ ਪਹੁੰਚ ਕੀਤੀ ਸੀ। ਇਹ ਫਿਲਮਾਂ ਅਜਿਹੀਆਂ ਸਨ ਜਿਨ੍ਹਾਂ ਨਾਲ ਤੁਸੀਂ ਭਾਵਨਾਤਮਕ ਤੌਰ 'ਤੇ ਜੁੜ ਜਾਂਦੇ ਹੋ। ਰੰਗ ਦੇ ਬਸੰਤੀ ਬਹੁਤ ਹੀ ਭਾਵੁਕ ਫਿਲਮ ਹੈ। ਇਹ ਲੋਕਾਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਤੱਕ ਛੂੰਹਦੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਐਕਸ਼ਨ ਫਿਲਮਾਂ ਨਾ ਬਣਾਓ। ਚੰਗੀ ਕਹਾਣੀ ਵਾਲੀ ਚੰਗੀ ਫ਼ਿਲਮ ਬਣਾਓ ਪਰ ਅਜਿਹਾ ਵਿਸ਼ਾ ਚੁਣੋ ਜੋ ਲੋਕਾਂ ਨਾਲ ਜੁੜਿਆ ਹੋਵੇ।


ਆਮਿਰ ਨੇ ਅੱਗੇ ਕਿਹਾ- ਹਰ ਫਿਲਮ ਨਿਰਮਾਤਾ ਨੂੰ ਉਹ ਬਣਾਉਣ ਦੀ ਆਜ਼ਾਦੀ ਹੁੰਦੀ ਹੈ, ਪਰ ਤੁਸੀਂ ਅਜਿਹਾ ਵਿਸ਼ਾ ਨਹੀਂ ਲੈ ਸਕਦੇ ਜਿਸ ਵਿਚ ਲੋਕਾਂ ਦੀ ਦਿਲਚਸਪੀ ਨਾ ਹੋਵੇ, ਇਸ ਲਈ ਮੈਨੂੰ ਫਰਕ ਮਹਿਸੂਸ ਹੁੰਦਾ ਹੈ।