Aamir Khan Laal Singh Chaddha: `ਲਾਲ ਸਿੰਘ ਚੱਢਾ` ਫ਼ਿਲਮ ਭਾਵੇਂ ਫਲਾਪ ਹੋ ਗਈ ਹੈ। ਪਰ ਬਾਵਜੂਦ ਇਸ ਦੇ ਫ਼ਿਲਮ ਤੇ ਆਮਿਰ ਖਾਨ ਲਗਾਤਾਰ ਸੁਰਖੀਆਂ `ਚ ਬਣੇ ਹੋਏ ਹਨ। ਹੁਣ ਲਾਲ ਸਿੰਘ ਚੱਢਾ ਨੂੰ ਲੈਕੇ ਇਹ ਖੁਲਾਸਾ ਹੋਇਆ ਹੈ ਕਿ ਫ਼ਿਲਮ ਨੇ ਆਮਿਰ ਨੇ ਕੋਈ ਫ਼ੀਸ ਨਹੀਂ ਲਈ। ਸਗੋਂ ਉਹ ਖੁਦ `ਵਾਇਆਕੌਮ 18` ਦੇ ਨਾਲ ਮਿਲ ਕੇ ਇਹ ਫ਼ਿਲਮ ਪ੍ਰੋਡਿਊਸ ਕਰ ਰਹੇ ਸੀ। ਜਦੋਂ ਉਹ ਖੁਦ ਫ਼ਿਲਮ ਦੇ ਨਿਰਮਾਤਾ ਸੀ ਤਾਂ ਫ਼ੀਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਰਿਪੋਰਟ ਮੁਤਾਬਕ ਆਮਿਰ ਖਾਨ ਦਾ ਫ਼ਿਲਮ ਫਲਾਪ ਹੋਣ ਕਾਰਨ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਉਨ੍ਹਾਂ 100 ਕਰੋੜ ਦਾ ਨੁਕਸਾਨ ਝੱਲਣਾ ਪਿਆ ਹੈ। ਦਸ ਦਈਏ ਕਿ ਫ਼ਿਲਮ 180 ਕਰੋੜ ਦੇ ਬਜਟ ਵਿੱਚ ਬਣੀ ਸੀ। ਜੋ ਕਿ ਬਾਕਸ ਆਫ਼ਿਸ ਤੇ 100 ਕਰੋੜ ਤੱਕ ਵੀ ਨਹੀਂ ਪਹੁੰਚ ਸਕੀ। ਇਸ ਦੇ ਨਾਲ ਹੀ ਆਮਿਰ ਵੱਲੋਂ ਫ਼ਿਲਮ ਦੇ 50 ਪਰਸੈਂਟ ਸ਼ੇਅਰ ਲੈਣ ਦੀ ਖਬਰਾਂ ਦਾ ਵੀ ਖੰਡਨ ਕੀਤਾ ਗਿਆ ਹੈ।
ਦੱਸ ਦਈਏ ਕਿ ਬਾਲੀਵੁੱਡ ਦੇ ਮਿਸਟਰ ਪਰਫ਼ੈਕਸ਼ਨਿਸਟ ਆਮਿਰ ਖਾਨ ਨੇ ਚਾਰ ਸਾਲਾਂ ਬਾਅਰ ਵੱਡੇ ਪਰਦੇ `ਤੇ ਕਮਬੈਕ ਕੀਤਾ ਸੀ। ਉਨ੍ਹਾਂ ਨੂੰ ਫ਼ਿਲਮ ਲਾਲ ਸਿੰਘ ਚੱਢਾ ਤੋਂ ਕਾਫ਼ੀ ਉਮੀਦਾਂ ਸਨ। ਪਰ ਇਹ ਫ਼ਿਲਮ ਬਾਕਸ ਆਫ਼ਿਸ ਤੇ ਬੁਰੀ ਤਰ੍ਹਾਂ ਪਿਟ ਗਈ। ਰਿਲੀਜ਼ ਦੇ ਦੋ ਹਫਤੇ ਬਾਅਦ ਵੀ 'ਲਾਲ ਸਿੰਘ ਚੱਢਾ' ਕਮਾਈ ਦੇ ਮਾਮਲੇ 'ਚ ਮੁਸ਼ਕਿਲ ਨਾਲ 50 ਕਰੋੜ ਦਾ ਅੰਕੜਾ ਪਾਰ ਕਰ ਸਕੀ, ਜਦਕਿ ਇਸ ਦੀ ਕੁੱਲ ਲਾਗਤ 180 ਕਰੋੜ ਦੱਸੀ ਜਾ ਰਹੀ ਹੈ।
ਖਬਰਾਂ ਆ ਰਹੀਆਂ ਸੀ ਕਿ ਆਮਿਰ ਖਾਨ ਨੇ ਫ਼ਿਲਮ ਨੂੰ ਕਰਨ ਲਈ ਮੋਟੀ ਫ਼ੀਸ ਲਈ ਹੈ। ਖਬਰਾਂ ਦੀ ਮੰਨੀਏ ਤਾਂ ਆਮਿਰ ਨੇ 'ਲਾਲ ਸਿੰਘ ਚੱਢਾ' ਲਈ 50 ਕਰੋੜ ਰੁਪਏ ਚਾਰਜ ਕੀਤੇ ਸੀ। ਪਰ ਹੁਣ ਇਨ੍ਹਾਂ ਖਬਰਾਂ ਦਾ ਖੰਡਨ ਕਰ ਦਿਤਾ ਗਿਆ ਹੈ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਬਾਇਕਾਟ ਦੇ ਰੁਝਾਨ ਨੇ ਫ਼ਿਲਮ ਨੂੰ ਵੱਡੀ ਢਾਹ ਲਗਾਈ। ਇਹੀ ਨਹੀਂ ਓਟੀਟੀ ਤੇ ਫ਼ਿਲਮ ਵੇਚਦੇ ਸਮੇਂ ਵੀ ਆਮਿਰ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪਈ। ਕੋਈ ਓਟੀਟੀ ਪਲੇਟਫ਼ਾਰਮ ਇਸ ਫ਼ਿਲਮ ਨੂੰ ਖਰੀਦਣ ਲਈ ਤਿਆਰ ਨਹੀਂ ਸੀ। ਆਖ਼ਿਰਕਾਰ ਨੈੱਟਫਲਿਕਸ ਫ਼ਿਲਮ ਖਰੀਦਣ ਲਈ ਅੱਗੇ ਆਇਆ। ਪਰ ਪੈਸੇ ਤੇ ਗੱਲ ਅੜ ਗਈ ਸੀ। ਆਮਿਰ ਫ਼ਿਲਮ ਨੂੰ 150 ਕਰੋੜ ਤੋਂ ਵੱਧ `ਚ ਵੇਚਣਾ ਚਾਹੁੰਦੇ ਸੀ, ਪਰ ਨੈਟਫਲਿਕਸ ਇੱਕ ਫ਼ਲਾਪ ਫ਼ਿਲਮ ਲਈ ਇੰਨੀ ਕੀਮਤ ਅਦਾ ਕਰਨ ਲਈ ਤਿਆਰ ਨਹੀਂ ਸੀ। ਆਖਰ ਆਮਿਰ ਨੂੰ 90 ਕਰੋੜ `ਚ ਡੀਲ ਫ਼ਾਈਨਲ ਕਰਨੀ ਪਈ। ਹੋ ਸਕਦਾ ਹੈ ਕਿ ਲਾਲ ਸਿੰਘ ਚੱਢਾ ਜਲਦ ਹੀ ਨੈਟਫ਼ਲਿਕਸ ਤੇ ਦੇਖਣ ਨੂੰ ਮਿਲੇ।