ਮੁੰਬਈ: ਟਵਿੱਟਰ ‘ਤੇ ਤੂੰ-ਤੂੰ ਮੈਂ-ਮੈਂ ਸਣੇ ਕਈ ਵਿਵਾਦਾਂ ‘ਚ ਫਸ ਚੁੱਕੇ ਐਕਟਰ ਅਤੇ ਕਾਮੇਡੀਅਨ ਕਿੰਗ ਕਪਿਲ ਸ਼ਰਮਾ ਨੇ ਕਿਹਾ ਕਿ ਅਲੋਚਨਾ ਨੂੰ ਲੈ ਕੇ ਜ਼ਿੰਦਗੀ ਨੇ ਉਨ੍ਹਾਂ ਨੂੰ ਅਣਮੁੱਲੀ ਸਿੱਖਿਆ ਦਿੱਤੀ ਹੈ। ਇਹ ਸਬਕ ਹੈ ਤੁਰੰਤ ਪ੍ਰਤੀਕਿਰੀਆ ਨਾ ਦੇਣਾ। ਕਾਮੇਡੀ ਸ਼ੋਅ ਰਾਹੀਂ ਕਾਮਯਾਬੀ ਹਾਸਲ ਕਰਨ ਵਾਲੇ ਕਪਿਲ ਸ਼ਰਮਾ 2017 ‘ਚ ਸਹਿ ਕਲਾਕਾਰ ਸੁਨੀਲ ਗ੍ਰੋਵਰ ਨਾਲ ਹੋਈ ਲੜਾਈ ਤੋਂ ਬਾਅਦ ਨਿੱਜੀ ਜ਼ਿੰਦਗੀ ਅਤੇ ਕਰੀਅਰ ‘ਚ ਕਾਫੀ ਪਰੇਸ਼ਾਨ ਹੋ ਗਏ ਸੀ।



ਇਸ ਤੋਂ ਬਾਅਦ ਸ਼ਰਾਬ ਦੀ ਆਦਤ, ਲੜਾਈ ਅਤੇ ਸਿਹਤ ਦੇ ਮੋਰਚੇ ‘ਤੇ ਉਹ ਸੰਘਰਸ਼ ਕਰਦੇ ਨਜ਼ਰ ਆਏ। ਕਪਿਲ ਨੇ ਕਿਹਾ ਕਿ ਇੱਕ ਸੈਲੇਬ੍ਰਿਟੀ ਦੇ ਤੌਰ ‘ਤੇ ਸਪਾਟਲਾਈਟ ਹਮੇਸ਼ਾ ਉਨ੍ਹਾਂ ‘ਤੇ ਰਹਿੰਦੀ ਹੈ ਅਤੇ ਹੁਣ ਉਹ ਸਮਝਦੇ ਹਨ ਕਿ ਉਨ੍ਹਾਂ ਨੇ ਆਪਣੀ ਨਿੰਦਾ ਸਵੀਕਾਰ ਕਰਨੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ, “ਕਲਾਕਾਰ ਆਮ ਤੌਰ ‘ਤੇ ਇਮੋਸ਼ਨਲ ਹੁੰਦੇ ਹਨ ਅਤੇ ਅਸੀਂ ਤੁਰੰਤ ਪ੍ਰਤੀਕਿਰੀਆ ਦਿੰਦੇ ਹਾਂ। ਮੈਂ ਸਿੱਖਿਆ ਹੈ ਕਿ ਜਲਦੀ ਪ੍ਰਤੀਕਿਰੀਆ ਨਹੀਂ ਦੇਣੀ ਚਾਹੀਦੀ ਅਤੇ ਦੂਜੇ ਪੱਖ ਨੂੰ ਸੁਣਨਾ ਅਤੇ ਸਮਝਣਾ ਜ਼ਰੂਰੀ ਹੁੰਦਾ ਹੈ।” ਉਨ੍ਹਾਂ ਨੇ ਕਿਹਾ ਕਿ ਹੋਰਨਾਂ ਦੀ ਤਰ੍ਹਾਂ ਮੇਰੀ ਵੀ ਸਮਝ ‘ਚ ਆ ਗਿਆ ਹੈ ਕਿ ਫੇਮਸ ਹੋਣ ਦੇ ਨੁਕਸਾਨ ਅਤੇ ਫਾਇਦੇ ਦੋਵੇਂ ਹੁੰਦੇ ਹਨ।


ਕਪਿਲ ਨੇ ਕਿਹਾ ਕਿ ਫੇਮਸ ਹੋਣ ਤੋਂ ਬਾਅਦ ਤੁਹਾਨੂੰ ਹੋਰ ਜ਼ਿੰਮੇਦਾਰ ਬਣਨਾ ਪੈਂਦਾ ਹੈ।ਜੇਕਰ ਲੋਕ ਤੁਹਾਨੂੰ ਪਿਆਰ ਕਰ ਸਕਦੇ ਹਨ ਤਾਂ ਉਹ ਤੁਹਾਡੀ ਅਲੋਚਨਾ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਹਰ ਸਮੇਂ ਤੁਹਾਨੂੰ ਕੁਝ ਨਾ ਕੁਝ ਸਿਖਾਉਂਦੀ ਹੈ। ਮੈਂ ਵੀ ਖੂਬ ਸਬਕ ਸਿੱਖੇ ਹਨ।