ਭੁਵਨੇਸ਼ਵਰ: ਬਾਲੀਵੁੱਡ ਦੀ ਦਿੱਗਜ ਅਦਾਕਾਰਾ ਮਾਧੁਰੀ ਦਿਕਸ਼ਿਤ ਨੇ ਹਾਕੀ ਵਰਲਡ ਕੱਪ ਦੇ ਮੰਗਲਵਾਰ ਨੂੰ ਹੋਣ ਵਾਲੇ ਉਦਘਾਟਨੀ ਸਮਾਗਮ ਵਿੱਚ ਆਕਰਸ਼ਣ ਦਾ ਕੇਂਦਰ ਰਹੇਗੀ। ਟੂਰਨਾਮੈਂਟ ਦੀ ਓਪਨਿੰਗ ਸੈਰੇਮਨੀ ਵਿੱਚ ਸੁਪਰਸਟਾਰ ਸ਼ਾਹਰੁਖ਼ ਖ਼ਾਨ ਵੀ ਸ਼ਿਰਕਤ ਕਰਨਗੇ। ਲੋਕਾਂ ਵਿੱਚ ਇਸ ਟੂਰਨਾਮੈਂਟ ਪ੍ਰਤੀ ਉਤਸ਼ਾਹ ਵੇਖਦਿਆਂ ਹੀ ਬਣਦਾ ਹੈ। 28 ਨਵੰਬਰ ਤੋਂ 16 ਦਸੰਬਰ ਵਿਚਾਲੇ ਹੋਣ ਵਾਲੇ ਮੁਕਾਬਲਿਆਂ ਲਈ 16 ਟੀਮਾਂ ਵਿੱਚੋਂ ਜ਼ਿਆਦਾਤਰ ਟੀਮਾਂ ਇੱਥੇ ਪਹੁੰਚ ਚੁੱਕੀਆਂ ਹਨ। ਕਲਿੰਗਾ ਸਟੇਡੀਅਮ ਉਦਘਾਟਨੀ ਸਮਾਰੋਹ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ।

ਉੜੀਸਾ ਦੇ ਖੇਡ ਸਕੱਤਰ ਵਿਸ਼ਾਲ ਦੇਵ ਨੇ ਦੱਸਿਆ ਕਿ ਮਾਧੁਰੀ ਦਿਕਸ਼ਿਤ ਉਦਘਾਟਨੀ ਸਮਾਗਮ ਵਿੱਚ ਆਪਣੀ ਪੇਸ਼ਕਾਰੀ ਦਏਗੀ। ‘ਧਰਤੀ ਕਾ ਗੀਤ’ ਨਾਂ ਦੇ ਗਾਣੇ ’ਤੇ ਉਸ ਦੇ ਪਿੱਛੇ ਕੁੱਲ ਇੱਕ ਹਜ਼ਾਰ ਕਲਾਕਾਰ ਪੇਸ਼ਕਾਰੀ ਦੇਣਗੇ। ਮਾਧੁਰੀ ਇਸ ਗਾਣੇ ਵਿੱਚ ਧਰਤੀ ਮਾਂ ਦੀ ਭੂਮਿਕਾ ਨਿਭਾਏਗੀ। ਨੁਪੁਰ ਮਹਾਜਨ ਨੇ ਇਸ ਨ੍ਰਿਤ ਨਾਟਿਕਾ ਨੂੰ ਲਿਖਿਆ ਤੇ ਇਸ ਦਾ ਨਿਰਦੇਸ਼ਨ ਕੀਤਾ ਹੈ।

ਸ਼ਾਹਰੁਖ਼ ਖ਼ਾਨ ਦੇ ਇਲਾਵਾ ਉੜੀਆ ਫਿਲਮਾਂ ਦੇ ਕਲਾਕਾਰ ਸੱਭਿਆਸਾਚੀ ਮਿਸ਼ਰਾ ਤੇ ਅਰਚਿਤਾ ਸਾਹੂ ਵੀ ਆਪਣੀ ਪੇਸ਼ਕਾਰੀ ਦੇਣਗੇ। ਇਸ ਤੋਂ ਇਲਾਵਾ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੇ ਵੀ ਬੁੱਧਵਾਰ ਨੂੰ ਕਟਕ ਵਿੱਚ ਹੋਣ ਵਾਲੇ ਦੂਜੇ ਉਦਘਾਟਨੀ ਸਮਾਗਮ ਵਿੱਚ ਪੁੱਜਣ ਦੀ ਪੁਸ਼ਟੀ ਕਰ ਦਿੱਤੀ ਹੈ।



ਮਸ਼ਹੂਰ ਸੰਗੀਤ ਨਿਰਦੇਸ਼ਕ ਏਆਰ ਰਹਿਮਾਨ ਭੁਵਨੇਸ਼ਵਰ ਤੇ ਕਟਕ ਵਿੱਚ ਪੇਸ਼ਕਾਰੀਆਂ ਦੇਣਗੇ। ਦੱਸਿਆ ਜਾ ਰਿਹਾ ਹੈ ਕਿ ਪੂਰੇ ਪ੍ਰੋਗਰਾਮ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਟੀਮਾਂ ਲਈ ਹਵਾਈ ਅੱਡੇ ਤੋਂ ਲੈ ਕੇ ਹੋਟਲਾਂ ਤਕ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਸਟੇਡੀਅਮ ਲਈ ਵੀ ਸੁਰੱਖਿਆ ’ਚ ਕੋਈ ਕਮੀ ਨਹੀਂ ਛੱਡੀ ਗਈ।