Maa Da Ladla Trailer: ਪੰਜਾਬੀ ਅਦਾਕਾਰ ਨੀਰੂ ਬਾਜਵਾ ਤੇ ਤਰਸੇਮ ਜੱਸੜ ਦੀ ਫ਼ਿਲਮ `ਮਾਂ ਦਾ ਲਾਡਲਾ` ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟਰੇਲਰ 3 ਮਿੰਟ 31 ਸਕਿੰਟ ਦਾ ਹੈ। ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਫ਼ਿਲਮ ਹਾਸੇ ਤੇ ਮਨੋਰੰਜਨ ਨਾਲ ਭਰਪੂਰ ਹੈ। ਫ਼ਿਲਮ `ਚ ਤਰਸੇਮ ਜੱਸੜ, ਨੀਰੂ ਬਾਜਵਾ, ਨਿਰਮਲ ਰਿਸ਼ੀ, ਇਫ਼ਤਿਖਾਰ ਠਾਕੁਰ ਤੇ ਰੂਪੀ ਗਿੱਲ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ।
ਫ਼ਿਲਮ ਦੀ ਕਹਾਣੀ ਇੱਕ ਮਾਂ ਤੇ ਉਸ ਦੇ ਬੇਟੇ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ। ਇਹ ਮਾਂ ਆਪਣੇ ਬੱਚੇ ਨੂੰ ਉਸ ਦੇ ਅਸਲੀ ਪਿਤਾ ਨਾਲ ਨਹੀਂ ਮਿਲਵਾ ਸਕਦੀ, ਤੇ ਉਹ ਕਿਉਂ ਨਹੀਂ ਮਿਲਵਾ ਸਕਦੀ ਇਹ ਤਾਂ ਫ਼ਿਲਮ ਦੇਖ ਕੇ ਪਤਾ ਲੱਗੇਗਾ, ਪਰ ਇੰਨਾਂ ਤੁਹਾਨੂੰ ਜ਼ੂਰਰ ਦੱਸ ਦਈਏ ਕਿ ਨੀਰੂ ਬਾਜਵਾ ਤਰਸੇਮ ਜੱਸੜ ਨੂੰ ਆਪਣੇ ਬੇਟੇ ਸਾਹਮਣੇ ਉਸ ਦਾ ਪਿਤਾ ਬਣਾ ਕੇ ਲਿਜਾਂਦੀ ਹੈ। ਜਿਸ ਨੂੰ ਦੇਖ ਕੇ ਮਾਂ ਦਾ ਲਾਡਲਾ ਯਾਨਿ ਕਿ ਨੀਰੂ ਦਾ ਬੇਟਾ ਖੁਸ਼ ਹੋ ਜਾਂਦਾ ਹੈ। ਫ਼ਿਲਮ `ਚ ਤਰਸੇਮ ਜੱਸੜ ਦੀ ਨੀਰੂ ਦੇ ਬੇਟੇ ਕੈਵਿਨ ਨਾਲ ਨੇੜਤਾ ਵਧਣ ਲੱਗਦੀ ਹੈ, ਪਰ ਨੀਰੂ ਨੂੰ ਇਹ ਪਸੰਦ ਨਹੀਂ ਆਉਂਦਾ। ਦੇਖੋ ਟਰੇਲਰ:
ਫ਼ਿਲਮ ਦੀ ਕਹਾਣੀ ਪਿਛਲੀਆਂ ਪੰਜਾਬੀ ਫ਼ਿਲਮਾਂ ਦੀਆਂ ਕਹਾਣੀਆਂ ਤੋਂ ਜ਼ਰਾ ਹਟ ਕੇ ਹੈ। ਇਸ ਫ਼ਿਲਮ `ਚ ਦਰਸ਼ਕਾਂ ਨੂੰ ਅਲੱਗ ਕਹਾਣੀ ਦੇਖਣ ਨੂੰ ਮਿਲੇਗੀ। ਨੀਰੂ ਬਾਜਵਾ ਫ਼ਿਲਮ `ਚ ਸਿੰਗਲ ਮਾਂ (ਇਕੱਲੀ ਮਾਂ) ਦੇ ਕਿਰਦਾਰ `ਚ ਨਜ਼ਰ ਆ ਰਹੀ ਹੈ। ਉੱਧਰ, ਤਰਸੇਮ ਜੱਸੜ ਵਿਦੇਸ਼ `ਚ ਰਹਿ ਕੇ ਹਾਲੇ ਤੱਕ ਸੈਟਲ ਹੋਣ ਦੀ ਉਡੀਕ ਕਰ ਰਹੇ ਹਨ। ਇਸੇ ਚੱਕਰ `ਚ ਉਹ ਨੀਰੂ ਬਾਜਵਾ ਦਾ ਆਫ਼ਰ ਸਵੀਕਾਰ ਕਰ ਲੈਂਦੇ ਹਨ। ਨੀਰੂ ਬਾਜਵਾ ਜੱਸੜ ਨੂੰ ਪੈਸਿਆਂ ਦੇ ਬਦਲੇ ਕੈਵਿਨ ਦਾ ਪਿਤਾ ਬਣਨ ਦੀ ਅਪੀਲ ਕਰਦੀ ਹੈ।
ਦਸ ਦਈਏ ਕਿ ਇਹ ਫ਼ਿਲਮ 16 ਸਤੰਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਟੱਕਰ ਸਰਗੁਣ ਮਹਿਤਾ ਸਟਾਰਰ `ਮੋਹ` ਨਾਲ ਦੇਖਣ ਨੂੰ ਮਿਲੇਗੀ, ਜਿਸ ਦਾ ਦਰਸ਼ਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਪੰਜਾਬੀ ਸਿਨੇਮਾ ਇੱਕ ਨਵੀਂ ਉਚਾਈ ਨੂੰ ਛੂਹ ਰਿਹਾ ਹੈ। 2022 ਸਾਲ ਪੰਜਾਬੀ ਸਿਨੇਮਾ ਲਈ ਕਾਫ਼ੀ ਭਾਗਾਂ ਵਾਲਾ ਰਿਹਾ ਹੈ। ਇਸ ਸਾਲ ਪੰਜਾਬੀ ਸਿਨੇਮਾ `ਚ ਸਭ ਤੋਂ ਜ਼ਿਆਦਾ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਫ਼ਿਲਮਾਂ ਸਫ਼ਲ ਰਹੀਆਂ ਹਨ।