ਅਗਸਤ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਮਹੀਨੇ `ਚ ਪਾਲੀਵੁੱਡ ਦੀਆਂ ਕਈ ਵੱਡੀਆਂ ਫ਼ਿਲਮਾਂ ਸਿਲਵਰ ਸਕ੍ਰੀਨ ਤੇ ਦਸਤਕ ਦੇਣ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਸਭ ਦੀ ਚਹੇਤੀ ਪੰਜਾਬੀ ਅਦਾਕਾਰਾ ਤੇ ਮਾਡਲ ਨੀਰੂ ਬਾਜਵਾ ਦੀਆਂ 2 ਫ਼ਿਲਮਾਂ ਅਗਸਤ ਮਹੀਨੇ `ਚ ਰਿਲੀਜ਼ ਹੋ ਰਹੀਆਂ ਹਨ। ਇਹ ਫ਼ਿਲਮਾਂ ਹਨ ਲੌਂਗ ਲਾਚੀ 2 ਤੇ ਬਿਊਟੀਫ਼ੁਲ ਬਿੱਲੋ।


ਬਿਊਟੀਫ਼ੁਲ ਬਿੱਲੋ ਦਾ ਟਰੇਲਰ ਆਊਟ
ਨੀਰੂ ਬਾਜਵਾ ਸਟਾਰਰ ਫ਼ਿਲਮ ਬਿਊਟੀਫ਼ੁਲ ਬਿੱਲੋ ਫ਼ਿਲਮ 11 ਅਗਸਤ ਨੂੰ ਓਟੀਟੀ ਪਲੇਟਫ਼ਾਰਮ `ਤੇ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਜ਼ੀ5 ਤੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਇਸ ਫ਼ਿਲਮ ਦਾ ਟਰੇਲਰ ਐਤਵਾਰ ਨੂੰ ਯੂਟਿਊਬ `ਤੇ ਰਿਲੀਜ਼ ਕਰ ਦਿਤਾ ਗਿਆ ਸੀ। ਟਰੇਲਰ ਵਿੱਚ ਨੀਰੂ ਬਾਜਵਾ ਨੂੰ ਪ੍ਰੈਗਨੈਂਟ ਔਰਤ ਦੇ ਕਿਰਦਾਰ `ਚ ਦਿਖਾਇਆ ਗਿਆ ਹੈ। ਇਸ ਫ਼ਿਲਮ `ਚ ਨੀਰੂ ਦੇ ਨਾਲ ਨਾਲ ਰੌਸ਼ਨ ਪ੍ਰਿੰਸ ਤੇ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਵੀ ਐਕਟਿੰਗ ਕਰਦੇ ਨਜ਼ਰ ਆਵੇਗੀ।




ਦਸਣਯੋਗ ਹੈ ਕਿ ਇਸ ਫ਼ਿਲਮ ਦਾ ਪ੍ਰਮੋਸ਼ਨ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਵੱਖਰੇ ਸਟਾਈਲ ਵਿੱਚ ਕੀਤਾ ਸੀ। ਉਨ੍ਹਾਂ ਨੇ ਆਪਣੀ ਪ੍ਰੈਗਨੈਂਸੀ ਦੀ ਝੂਠੀ ਖਬਰ ਫੈਲਾ ਕੇ ਫ਼ੈਨਜ਼ ਦੇ ਦਿਲਾਂ `ਚ ਸਸਪੈਂਸ ਪੈਦਾ ਕੀਤਾ, ਬਾਅਦ `ਚ ਫ਼ਿਲਮ ਦਾ ਪੋਸਟਰ ਸਾਂਝਾ ਕਰ ਦਿਤਾ। ਬਾਜਵਾ ਦਾ ਇਹ ਅੰਦਾਜ਼ ਉਨ੍ਹਾਂ ਦੇ ਫ਼ੈਨਜ਼ ਨੂੰ ਕਾਫ਼ੀ ਪਸੰਦ ਆਇਆ ਸੀ।


ਲੌਂਗ ਲਾਚੀ 2 ਦਾ ਟੀਜ਼ਰ ਰਿਲੀਜ਼
ਦੂਜੇ ਪਾਸੇ, ਪਾਲੀਵੁੱਡ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ `ਚੋਂ ਇੱਕ ਲੌਂਗ ਲਾਚੀ 2 ਵੀ ਹੈ। ਇਸ ਫ਼ਿਲਮ ਦੇ ਪਹਿਲੇ ਭਾਗ ਦੀ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਨੂੰ ਇਸ ਦੀ ਅਗਲੀ ਕੜੀ ਦਾ ਇੰਤਜ਼ਾਰ ਸੀ। ਹੁਣ ਦਰਸ਼ਕਾਂ ਦਾ ਇਹ ਇੰਤਜ਼ਾਰ ਜਲਦ ਖਤਮ ਹੋ ਜਾ ਰਿਹਾ ਹੈ। ਕਿਉਂਕਿ ਲੌਂਗ ਲਾਚੀ 2 ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਇਹ ਫ਼ਿਲਮ 19 ਅਗਸਤ ਨੂੰ ਸਿਨੇਮਾਘਰਾਂ `ਚ ਦਸਤਕ ਦੇਣ ਜਾ ਰਹੀ ਹੈ।



ਇਸ ਤੋਂ ਇਲਾਵਾ ਅਗਸਤ ਮਹੀਨੇ `ਚ ਸੋਨਮ ਬਾਜਵਾ ਤੇ ਅਜੇ ਸਰਕਾਰੀ ਦੀ ਰੋਮਾਂਟਿਕ ਡਰਾਮਾ ਫ਼ਿਲਮ ਜਿੰਦ ਮਾਹੀ ਵੀ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ 5 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕੁੱਲ ਮਿਲਾ ਕੇ ਅਗਸਤ ਦਾ ਮਹੀਨੇ ਪਾਲੀਵੁੱਡ ਲਵਰਜ਼ ਲਈ ਮਜ਼ੇਦਾਰ ਰਹਿਣ ਵਾਲਾ ਹੈ।