ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਤੇ ਅਦਾਕਾਰ ਰਣਵੀਰ ਸਿੰਘ ਨੇ ਆਪਣੀ ਅਦਾਕਾਰੀ ਨਾਲ ਹਮੇਸ਼ਾਂ ਦਰਸ਼ਕਾਂ ਦਾ ਦਿਲ ਜਿਤਿਆ ਹੈ। ਇਹ ਦੋਵੇਂ ਪਹਿਲਾਂ ਫਿਲਮ 'ਗਲੀ ਬੁਆਏ' ਵਿੱਚ ਇਕੱਠੇ ਨਜ਼ਰ ਆਏ ਸੀ। ਫਿਲਮ ਬਾਕਸ ਆਫਿਸ 'ਤੇ ਵੱਡੀ ਹਿੱਟ ਰਹੀ ਸੀ। ਹੁਣ ਦੋਵਾਂ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ ਹੈ ਕਿ ਦੋਵੇਂ ਕਰਨ ਜੌਹਰ ਦੀ ਆਉਣ ਵਾਲੀ ਫਿਲਮ ਵਿੱਚ ਇੱਕ ਵਾਰ ਫੇਰ ਰੋਮਾਂਸ ਕਰਦੇ ਨਜ਼ਰ ਆਉਣਗੇ।
ਬਹੁਤ ਜਲਦ ਰਣਵੀਰ ਸਿੰਘ ਤੇ ਆਲੀਆ ਇੱਕ ਵਾਰ ਫੇਰ ਸਿਲਵਰ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਫਿਲਹਾਲ ਇਸ ਫਿਲਮ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਰਿਪੋਰਟਸ ਅਨੁਸਾਰ ਇਸ ਫਿਲਮ ਦੀ ਸ਼ੂਟਿੰਗ ਸਾਲ 2021 ਤੋਂ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ 25 ਦਿਨਾਂ ਦੀ ਵਰਕਸ਼ਾਪ ਵੀ ਹੋਣ ਵਾਲੀ ਹੈ ਜਿਸ ਵਿੱਚ ਆਲੀਆ ਭੱਟ ਤੇ ਰਣਵੀਰ ਸਿੰਘ ਵਰਕਸ਼ਾਪ ਦਾ ਹਿੱਸਾ ਹੋਣਗੇ। ਆਲੀਆ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਆਲੀਆ ਭੱਟ ਸੰਜੇ ਲੀਲਾ ਬੰਸਾਲੀ ਦੀ ਫਿਲਮ 'ਗੰਗੂਬਾਈ ਕਟਾਵਾਨੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
ਇਸ ਫਿਲਮ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਆਲੀਆ ਕਰਨ ਜੌਹਰ ਦੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ। ਦੂਜੇ ਪਾਸੇ ਜੇਕਰ ਰਣਵੀਰ ਸਿੰਘ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਫਿਲਮ '83' ਸਾਲ 2021 ਵਿੱਚ ਰਿਲੀਜ਼ ਹੋਵੇਗੀ। '83' ਤੋਂ ਇਲਾਵਾ ਰਣਵੀਰ ਸਿੰਘ ਰੋਹਿਤ ਸ਼ੈਟੀ ਦੀ ਫਿਲਮ ਸੂਰਿਆਵੰਸ਼ੀ ਵਿੱਚ ਵੀ ਨਜ਼ਰ ਆਉਣਗੇ। ਇਹ ਦੋਵੇਂ ਫ਼ਿਲਮਾਂ ਬਣ ਕੇ ਤਿਆਰ ਹਨ।ਜਲਦ ਹੀ ਦੋਨੋਂ ਫ਼ਿਲਮਾਂ ਦੀ ਰਿਲੀਜ਼ਿੰਗ ਡੇਟ ਆ ਜਾਏਗੀ।