Dastan-E-Sirhind Movie: ਸਿੱਖ ਕੌਮ ਦੇ ਜੂਝਾਰੂ ਯੋਧਿਆਂ ਦਾ ਜ਼ਿਕਰ ਜਦੋਂ ਵੀ ਹੁੰਦਾ ਹੈ ਤਾਂ ਉਸ ਵਿੱਚ ਮਾਤਾ ਗੁਜਰ ਕੌਰ ਤੇ ਚਾਰ ਸਾਹਿਬਜ਼ਾਦਿਆਂ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਛੋਟੀ ਉਮਰੇ ਕੌਮ ਲਈ ਜੋ ਕੁਰਬਾਨੀ ਦਿੱਤੀ ਸੀ, ਉਸ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ। ਇਸੇ ਮਹਾਨ ਯੋਗਦਾਨ ਨੂੰ ਯਾਦ ਕਰਦਿਆਂ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ‘ਤੇ ਫ਼ਿਲਮ ‘ਦਾਸਤਾਨ-ਏ-ਸਰਹਿੰਦ’ ਬਣਨ ਜਾ ਰਹੀ ਹੈ। ਗੁਰਪ੍ਰੀਤ ਘੁੱਗੀ ਨੇ ਫ਼ਿਲਮ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। 


ਦੱਸ ਦਈਏ ਕਿ ਪੋਸਟਰ ਸ਼ੇਅਰ ਕਰਦਿਆਂ ਘੁੱਗੀ ਨੇ ਜੋ ਕੈਪਸ਼ਨ ਲਿਖੀ, ਉਹ ਸਭ ਦਾ ਦਿਲ ਜਿੱਤ ਰਹੀ ਹੈ। ਘੁੱਗੀ ਨੇ ਲਿਖਿਆ, “ਸਾਡੇ ਸਬਰਾਂ ਦੇ ਅਫਸਾਨੇ ਲੰਬੇ ਨੇ, ਪੰਜਾਬ ਦੀਆਂ ਮਾਵਾਂ ਸਦਾ ਯੋਧੇ ਹੀ ਜੰਮੇ ਨੇ। ਬਦੀਆਂ ਸੰਗ ਸਦੀਆਂ ਤੋਂ ਬਗ਼ਾਵਤ, ਕਦੇ ਈਨ ਨਾ ਕਿਸੇ ਦੀ ਇਹ ਮੰਨੇ ਨੇ।।” ਫ਼ਿਲਮ ਦੇ ਪੋਸਟਰ ਦੀ ਗੱਲ ਕਰੀਏ ਤਾਂ ਪੋਸਟਰ ‘ਤੇ ਫ਼ਿਲਮ ਦੇ ਨਾਂ ਨਾਲ ਇਹ ਲਾਈਨਾਂ ਵੀ ਲਿਖੀਆਂ ਹਨ, “ਫਿੱਕੇ ਪੈਂਦੇ ਲਫ਼ਜ਼ੋ ਅਲਫ਼ਾਜ਼, ਤੇ ਫਿੱਕੇ ਪੈਂਦੇ ਛੰਦ, ਤਾਰੀਖ ਏ ਦੁਨੀਆ ‘ਚ ਮੁਖਤਲਿਫ਼।” 









ਇਸ ਦਿਨ ਹੋਵੇਗੀ ਰਿਲੀਜ਼
ਦਸ ਦਸੀਏ ਕਿ ਇਹ ਫ਼ਿਲਮ ਅਗਲੇ ਮਹੀਨੇ 2 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਨਵੀ ਸਿੱਧੂ ਤੇ ਮਨਪ੍ਰੀਤ ਬਰਾੜ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲੌਗ ਨਵੀ ਸਿੱਧੂ ਨੇ ਲਿਖੇ ਹਨ। ਫ਼ਿਲਮ ਦੇ ਗਾਣਿਆਂ ਦੇ ਬੋਲ ਖਾਕ ਨੇ ਲਿਖੇ ਹਨ। ਫ਼ਿਲਮ ‘ਚ ਮਿਊਜ਼ਿਕ ਗੁਰਚਰਣ ਸਿੰਘ, ਜਸਕੀਰਤ ਸਿੰਘ ਤੇ ਆਰ ਗੁਰੁ ਦਾ ਹੈ। ਫ਼ਿਲਮ ਰਾਹੀਂ ਪਰਦੇ ‘ਤੇ ਸਰਹਿੰਦ ਵਿਖੇ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਮੁਸਲਿਮ ਹਕੂਮਤ ਨਾਲ ਜੰਗ ਤੇ ਉਨ੍ਹਾਂ ਦੀ ਬਹਾਦਰੀ ਦੇ ਕਿੱਸੇ ਨੂੰ ਦਿਖਾਇਆ ਜਾਵੇਗਾ। ਇਸੇ ਲਈ ਫ਼ਿਲਮ ਦਾ ਨਾਂ ‘ਦਾਸਤਾਨ ਏ ਸਰਹਿੰਦ’ ਰੱਖਿਆ ਗਿਆ ਹੈ।