Mangal Dhillon Passed Away: ਪੰਜਾਬੀ ਸਿਨੇਮਾ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਫਿਲਮਾਂ ਅਤੇ ਟੀਵੀ ਸੀਰੀਅਲਾਂ ਦੇ ਮਸ਼ਹੂਰ ਅਦਾਕਾਰ ਮੰਗਲ ਢਿੱਲੋਂ ਨੇ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਦਰਅਸਲ, ਮੰਗਲ ਢਿੱਲੋਂ ਲੰਬੇ ਸਮੇਂ ਤੋਂ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਸੀ। ਉਹ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਜਾਣਕਾਰੀ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਇਲਾਜ ਦੌਰਾਨ ਉਨ੍ਹਾਂ ਨੇ ਐਤਵਾਰ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਦਾਕਾਰ ਯਸ਼ਪਾਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬੀ ਅਦਾਕਾਰ ਮੰਗਲ ਢਿੱਲੋਂ ਦੇ ਦੇਹਾਂਤ ਉੱਪਰ ਪੰਜਾਬੀ ਸਿਤਾਰਿਆਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਦੇ ਆਗੂ ਵੀ ਅਫਸੋਸ ਜਤਾ ਰਹੇ ਹਨ। ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਉੱਪਰ ਇਸਦੀ ਜਾਣਕਾਰੀ ਦਿੱਤੀ ਗਈ ਹੈ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੰਗਲ ਢਿੱਲੋਂ ਦੇ ਦੇਹਾਂਤ ਉੱਪਰ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਸਿਨੇਮਾ ਜਗਤ ਵਿੱਚ ਬਤੌਰ ਅਦਾਕਾਰ, ਨਿਰਦੇਸ਼ਕ ਅਤੇ ਫਿਲਮ ਨਿਰਮਾਤਾ, ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰਨ ਵਾਲੇ ਪੰਜਾਬ ਦੇ ਪੁੱਤਰ ਮੰਗਲ ਢਿੱਲੋਂ ਜੀ ਦੇ ਸਦੀਵੀ ਵਿਛੋੜੇ ਬਾਰੇ ਸੁਣ ਕੇ ਬੇਹੱਦ ਅਫ਼ਸੋਸ ਹੋਇਆ। ਸੱਚ ਹੀ ਪੰਜਾਬ ਤੇ ਮਾਂ ਬੋਲੀ ਪੰਜਾਬੀ ਨੇ ਅੱਜ ਆਪਣਾ ਇੱਕ ਮਹਾਨ ਸਪੂਤ ਖੋਹ ਦਿੱਤਾ ਹੈ। ਮਹਾਨ ਕਲਾਕਾਰ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਾ ਹੋਇਆ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
ਇਨ੍ਹਾਂ ਸੀਰੀਅਲਾਂ ਵਿੱਚ ਕੀਤਾ ਕੰਮ...
ਦੱਸ ਦੇਈਏ ਕਿ ਮੰਗਲ ਢਿੱਲੋਂ ਨੇ ਕਿਸਮਤ, ਨੂਰ ਜਹਾਂ, ਦ ਗ੍ਰੇਟ ਮਰਾਠਾ, ਮੁਜਰੀਮ ਹਾਜ਼ਿਰ, ਰਿਸ਼ਤਾ ਮੌਲਾਨਾ ਆਜ਼ਾਦ ਵਰਗੇ ਸੀਰੀਅਲਾਂ ਵਿੱਚ ਕੰਮ ਕੀਤਾ। ਬਾਅਦ ਵਿੱਚ ਉਨ੍ਹਾਂ ਨੇ ਫਿਲਮਾਂ ਵਿੱਚ ਵੀ ਆਪਣਾ ਜਲਵਾ ਦਿਖਾਇਆ। ਖੂਨ ਭਾਰੀ ਮਾਂਗ ਤੋਂ ਬਾਅਦ, ਉਹ ਜ਼ਖਮੀ ਔਰਤ, ਦਯਾਵਾਨ, ਆਜ਼ਾਦ ਦੇਸ਼ ਕੇ ਗੁਲਾਮ, ਪਿਆਰ ਕਾ ਦੇਵਤਾ, ਅਕੇਲਾ, ਦਿਲ ਤੇਰਾ ਆਸ਼ਿਕ, ਦਲਾਲ, ਵਿਸ਼ਵਾਤਮਾ, ਨਿਸ਼ਾਨਾ ਵਰਗੀਆਂ ਫਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦਿੱਤੇ। ਦੱਸ ਦੇਈਏ ਕਿ ਉਨ੍ਹਾਂ ਨੂੰ ਆਖਰੀ ਵਾਰ ਫਿਲਮ 'ਤੂਫਾਨ ਸਿੰਘ' 'ਚ ਵੇਖਿਆ ਗਿਆ ਸੀ। ਇਹ ਫਿਲਮ ਸਾਲ 2017 'ਚ ਰਿਲੀਜ਼ ਹੋਈ ਸੀ।