Punjabi Singer Kaka: ਪੰਜਾਬੀ ਸੰਗੀਤ ਜਗਤ ਦਾ ਮਾਹੌਲ ਇਸ ਸਮੇਂ ਗਰਮਾਇਆ ਹੋਇਆ ਹੈ। ਦੱਸ ਦੇਈਏ ਕਿ ਗਾਇਕਾ ਸੁਨੰਦਾ ਸ਼ਰਮਾ ਵੱਲੋਂ ਪਿੰਕੀ ਧਾਲੀਵਾਲ ਉੱਪਰ ਲਗਾਏ ਗਏ ਦੋਸ਼ਾਂ ਤੋਂ ਬਾਅਦ ਹਰ ਪਾਸੇ ਹਲਚਲ ਮੱਚ ਗਈ ਹੈ। ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਤਮਾਮ ਸਿਤਾਰਿਆਂ ਵੱਲੋਂ ਹੈਰਾਨੀਜਨਕ ਖੁਲਾਸੇ ਕੀਤੇ ਜਾ ਰਹੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਕਾਕਾ ਨੇ ਸਕਾਈ ਡਿਜੀਟਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਗੁਰਕਿਰਨ ਧਾਲੀਵਾਲ ਅਤੇ ਪਿੰਕੀ ਧਾਲੀਵਾਲ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਵਿੱਚ ਉਨ੍ਹਾਂ 'ਤੇ ਧੋਖਾਧੜੀ, ਵਿਸ਼ਵਾਸਘਾਤ, ਜਾਇਦਾਦ ਦੀ ਦੁਰਵਰਤੋਂ, ਜਾਅਲਸਾਜ਼ੀ, ਧੋਖਾਧੜੀ, ਜਬਰੀ ਵਸੂਲੀ ਅਤੇ ਕਾਪੀਰਾਈਟ ਉਲੰਘਣਾ ਦੇ ਦੋਸ਼ ਲਗਾਏ ਗਏ ਹਨ।
ਐਸਐਸਪੀ ਮੋਹਾਲੀ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ, ਕਾਕਾ ਨੇ ਦੱਸਿਆ ਕਿ 2021 ਵਿੱਚ, ਦੋਸ਼ੀ ਨੇ ਉਨ੍ਹਾਂ ਦੇ ਸੰਗੀਤ ਨੂੰ ਯੂਟਿਊਬ, ਸਪੋਟੀਫਾਈ, ਗਾਨਾ ਅਤੇ ਵਿੰਕ ਵਰਗੇ ਪਲੇਟਫਾਰਮਾਂ 'ਤੇ ਉਸਦੇ ਸੰਗੀਤ ਦਾ ਪ੍ਰਚਾਰ ਅਤੇ ਵੰਡ ਕਰਨ ਦਾ ਝੂਠਾ ਵਾਅਦਾ ਕੀਤਾ। ਇਸ 'ਤੇ, ਕਾਕਾ ਨੇ 3 ਸਾਲਾਂ ਦਾ ਕੰਟਰੈਕਟ ਕੀਤਾ ਅਤੇ ਆਪਣੀਆਂ ਡਿਜੀਟਲ ਜਾਇਦਾਦਾਂ ਤੱਕ ਦਾ ਅਕਸੈਸ ਦੇ ਦਿੱਤੀ, ਪਰ ਸਕਾਈ ਡਿਜੀਟਲ ਨੇ 6.30 ਕਰੋੜ ਰੁਪਏ ਵਿੱਚੋਂ ਸਿਰਫ਼ 2.50 ਕਰੋੜ ਰੁਪਏ ਦਾ ਭੁਗਤਾਨ ਕੀਤਾ।
ਕਾਕਾ ਨੇ ਦੱਸਿਆ ਕਿ ਉਨ੍ਹਾਂ ਨੇ ਕੰਟਰੈਕਟ ਵਿੱਚ ਨਿਰਧਾਰਤ 18 ਗੀਤਾਂ ਦੀ ਬਜਾਏ 20 ਗਾਣੇ ਵੀ ਦਿੱਤੇ, ਫਿਰ ਵੀ ਸਕਾਈ ਡਿਜੀਟਲ ਨੇ ਗਲਤ ਵਿੱਤੀ ਰਿਪੋਰਟਾਂ ਤਿਆਰ ਕਰਕੇ ਮਾਲੀਆ ਰੋਕ ਦਿੱਤਾ ਅਤੇ ਕਮਾਈ ਨੂੰ ਘੱਟ ਦਿਖਾਇਆ। ਮੁਲਜ਼ਮਾਂ ਨੇ ਲਗਭਗ 1.40 ਕਰੋੜ ਰੁਪਏ ਦਾ ਗਬਨ ਵੀ ਕੀਤਾ ਅਤੇ ਕਾਕਾ ਨੂੰ ਕਾਨੂੰਨੀ ਕਾਰਵਾਈ ਬਾਰੇ ਗੱਲ ਕਰਨ 'ਤੇ ਧਮਕੀ ਦਿੱਤੀ।
ਕਾਕਾ ਨੇ ਦੋਸ਼ ਲਗਾਇਆ ਕਿ ਸਕਾਈ ਡਿਜੀਟਲ ਨੇ ਉਨ੍ਹਾਂ ਦੇ ਯੂਟਿਊਬ ਚੈਨਲ ਅਤੇ ਡਿਜੀਟਲ ਸੰਪਤੀਆਂ 'ਤੇ ਕਬਜ਼ਾ ਕਰ ਲਿਆ ਅਤੇ ਪਾਸਵਰਡ ਵਾਪਸ ਕਰਨ ਦੇ ਬਦਲੇ ਚਾਰ ਹੋਰ ਗਾਣੇ ਜਾਂ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਕਾਕਾ ਨੇ 5 ਅਗਸਤ, 2024 ਨੂੰ ਕੰਟਰੈਕਟ ਸਮਾਪਤੀ ਦਾ ਨੋਟਿਸ ਅਤੇ 28 ਫਰਵਰੀ, 2025 ਨੂੰ ਕਾਨੂੰਨੀ ਨੋਟਿਸ ਵੀ ਭੇਜਿਆ, ਪਰ ਇਸ ਦੇ ਬਾਵਜੂਦ ਦੋਸ਼ੀ ਨੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਜਾਰੀ ਰੱਖਿਆ। ਕਾਕਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੁਰਕਿਰਨ ਧਾਲੀਵਾਲ ਅਤੇ ਪਿੰਕੀ ਧਾਲੀਵਾਲ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਐਫਆਈਆਰ ਦਰਜ ਕੀਤੀ ਜਾਵੇ।