Punjab  News: ਪੰਜਾਬੀ ਗਾਇਕ ਕਰਨ ਔਜਲਾ ਦੇ ਗੀਤ 'ਐਮਐਫ ਗਬਰੂ' ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸੈਕਟਰ-41ਬੀ ਚੰਡੀਗੜ੍ਹ ਨਿਵਾਸੀ ਡਾ. ਪੰਡਿਤਰਾਓ ਧਰੇਨਵਰ, ਜੋ ਕਿ ਪੰਜਾਬੀ ਸੱਭਿਅਤਾ ਦੇ ਹੱਕ ਵਿੱਚ ਸਰਗਰਮ ਹਨ, ਨੇ ਇਸ ਗੀਤ ਵਿਰੁੱਧ ਲੁਧਿਆਣਾ ਤੇ ਚੰਡੀਗੜ੍ਹ ਵਿੱਚ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਇਹ ਗੀਤ ਪੰਜਾਬੀ ਸੱਭਿਆਚਾਰ ਦੇ ਵਿਰੁੱਧ ਹੈ ਅਤੇ ਇਸ ਵਿੱਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।

Continues below advertisement


ਡਾ. ਧਰੇਨਵਰ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ "ਕਰਨ ਔਜਲਾ ਦਾ ਗੀਤ ਸੱਭਿਆਚਾਰ ਦੇ ਵਿਰੁੱਧ ਹੈ ਅਤੇ ਇਸ ਵਿੱਚ ਮੌਜੂਦ ਅਸ਼ਲੀਲ ਸ਼ਬਦ ਬੱਚਿਆਂ ਅਤੇ ਨੌਜਵਾਨਾਂ ਦੇ ਮਨਾਂ ਨੂੰ ਪ੍ਰਦੂਸ਼ਿਤ ਕਰ ਸਕਦੇ ਹਨ। ਇਸ ਲਈ ਅਜਿਹੇ ਗੀਤਾਂ 'ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ।"



ਮਾਮਲੇ ਵਿੱਚ ਕੁੱਲ ਤਿੰਨ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਲੁਧਿਆਣਾ ਵਿੱਚ ਦੋ ਅਤੇ ਚੰਡੀਗੜ੍ਹ ਵਿੱਚ ਇੱਕ। ਇਨ੍ਹਾਂ ਸ਼ਿਕਾਇਤਾਂ ਵਿੱਚੋਂ ਇੱਕ ਪਿੰਡ ਦੇ ਸਰਪੰਚ ਲਖਬੀਰ ਸਿੰਘ ਵਿਰੁੱਧ ਵੀ ਹੈ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕਰਨ ਔਜਲਾ ਦੇ ਇਸ ਗੀਤ ਨੂੰ ਪਿੰਡ ਵਿੱਚ ਸ਼ੂਟ ਕੀਤਾ ਗਿਆ ਸੀ ਤੇ ਸਰਪੰਚ ਨੇ ਇਸਦੀ ਇਜਾਜ਼ਤ ਦਿੱਤੀ ਸੀ। ਅਜਿਹੀ ਸਥਿਤੀ ਵਿੱਚ ਸਰਪੰਚ ਤੋਂ ਪੁੱਛਗਿੱਛ ਕਰਕੇ ਉਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ।


ਕਰਨ ਔਜਲਾ ਦੇ ਇਸ ਗੀਤ ਨੂੰ ਸੋਸ਼ਲ ਮੀਡੀਆ ਅਤੇ ਯੂਟਿਊਬ 'ਤੇ ਬਹੁਤ ਪ੍ਰਸਿੱਧੀ ਮਿਲੀ ਹੈ। ਇਹ ਗੀਤ ਕੱਲ੍ਹ ਯਾਨੀ 1 ਅਗਸਤ ਨੂੰ ਕਰਨ ਔਜਲਾ ਦੇ ਅਧਿਕਾਰਤ ਯੂਟਿਊਬ ਪੇਜ 'ਤੇ ਰਿਲੀਜ਼ ਕੀਤਾ ਗਿਆ ਸੀ। ਜਿਸ ਨੂੰ ਯੂਟਿਊਬ 'ਤੇ ਹੁਣ ਤੱਕ 9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਗੀਤ ਕਰਨ ਔਜਲਾ ਦੇ ਜੱਦੀ ਪਿੰਡ ਲੁਧਿਆਣਾ ਵਿੱਚ ਫਿਲਮਾਇਆ ਗਿਆ ਸੀ।


ਡਾ. ਧਰੇਨਵਰ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਅਸ਼ਲੀਲ ਅਤੇ ਭੜਕਾਊ ਗੀਤਾਂ ਵਿਰੁੱਧ ਕਾਰਵਾਈ ਜ਼ਰੂਰੀ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਗੀਤ 'ਤੇ ਪਾਬੰਦੀ ਲਗਾਈ ਜਾਵੇ ਅਤੇ ਜਨਤਕ ਥਾਵਾਂ 'ਤੇ ਇਸ ਦਾ ਪ੍ਰਸਾਰਣ ਬੰਦ ਕੀਤਾ ਜਾਵੇ।



ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।