Jatt & Juliet 3 Box Office Collection: ਗਲੋਬਲ ਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ 'ਜੱਟ ਐਂਡ ਜੂਲੀਅਟ 3' ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਜਗਦੀਪ ਸਿੱਧੂ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਹੀ ਬਾੱਕਸ ਆਫਿਸ ਹਿੱਲਾ ਕੇ ਰੱਖ ਦਿੱਤਾ। ਦਿਲਜੀਤ ਨਾਲ ਨੀਰੂ ਬਾਜਵਾ ਅਤੇ ਜੈਸਮੀਨ ਦੀ ਧਮਾਕੇਦਾਰ ਕੈਮਿਸਟ੍ਰੀ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ ਰਿਲੀਜ਼ ਹੁੰਦੇ ਹੀ ਪ੍ਰਸ਼ੰਸਕਾਂ ਦੇ ਦਿਲਾਂ ਉਤੇ ਛਾਅ ਗਈ ਹੈ। ਫਿਲਹਾਲ ਫਿਲਮ ਨੇ ਪਹਿਲੇ ਦਿਨ ਬਾੱਕਸ ਆਫਿਸ ਉੱਪਰ ਕੀ ਕਮਾਲ ਦਿਖਾਇਆ ਇੱਥੇ ਵੇਖੋ ਪੂਰੀ ਰਿਪੋਰਟ...
ਸੈਕਨਿਲਕ ਦੀ ਰਿਪੋਰਟ ਅਨੁਸਾਰ ਫਿਲਮ ਦੇ ਪਹਿਲੇ ਦਿਨ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ ਭਾਰਤ ਵਿੱਚ 3.50 ਕਰੋੜ ਰੁਪਏ ਨਾਲ ਸ਼ੁਰੂਆਤ ਕੀਤੀ ਹੈ, ਇਸ ਕਮਾਈ ਨਾਲ 'ਜੱਟ ਐਂਡ ਜੂਲੀਅਟ 3' ਨੇ ਪਹਿਲੇ ਦਿਨ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਪਾਲੀਵੁੱਡ ਫਿਲਮਾਂ ਵਿੱਚ ਦੂਜਾ ਸਥਾਨ ਹਾਸਿਲ ਕਰ ਲਿਆ ਹੈ। ਇਸ ਤੋਂ ਪਹਿਲਾਂ 'ਕੈਰੀ ਆਨ ਜੱਟਾ 3' ਹੈ, ਜਿਸ ਨੇ ਪਹਿਲੇ ਦਿਨ ਭਾਰਤ ਵਿੱਚ 4.55 ਕਰੋੜ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ 'ਜੱਟ ਐਂਡ ਜੂਲੀਅਟ 3' ਨੇ ਪੂਰੀ ਦੁਨੀਆਂ ਵਿੱਚ 8 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਇਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ, ਕਿਉਂਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਵੱਲੋਂ ਵੀ ਇਸਨੂੰ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਭਾਰਤ ਵਿੱਚ ਫਿਲਮ ਨੂੰ 430 ਤੋਂ ਵੱਧ ਸਿਨੇਮਾਘਰਾਂ ਵਿੱਚ 2000+ ਸ਼ੋਅ ਦੇ ਨਾਲ ਰਿਲੀਜ਼ ਕੀਤਾ ਗਿਆ ਹੈ, ਜੋ ਕਿ ਸਭ ਤੋਂ ਵੱਡੀ ਰਿਲੀਜ਼ ਹੈ। ਵਿਦੇਸ਼ਾਂ ਵਿੱਚ ਇਸ ਥ੍ਰੀਕਵਲ ਨੂੰ 35+ ਦੇਸ਼ਾਂ ਵਿੱਚ 550+ ਸਥਾਨਾਂ ਵਿੱਚ ਰਿਲੀਜ਼ ਕੀਤਾ ਗਿਆ ਹੈ, ਜਿਸ ਨਾਲ ਇਹ ਪੰਜਾਬੀ ਫਿਲਮ ਦੀ ਸਭ ਤੋਂ ਵੱਡੀ ਸਕ੍ਰੀਨਿੰਗ ਹੈ। ਫਿਲਮ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ 'ਵ੍ਹਾਈਟ ਹਿੱਲ ਪ੍ਰੋਡਕਸ਼ਨ' ਦੁਆਰਾ ਰਿਲੀਜ਼ ਕੀਤਾ ਗਿਆ ਹੈ। ਇਸ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਭਰਮਾ ਹੁੰਗਾਰਾ ਮਿਲ ਰਿਹਾ ਹੈ।
ਕਾਬਿਲੇਗੌਰ ਹੈ ਕਿ ਇਸ ਫਿਲਮ ਦੇ ਦੋ ਭਾਗ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਦਿੱਤਾ ਸੀ। ਹੁਣ ਫਿਲਮ ਦੇ ਤੀਜੇ ਭਾਗ ਵਿੱਚ ਇੱਕ ਵਾਰ ਫਿਰ ਦਿਲਜੀਤ ਅਤੇ ਨੀਰੂ ਦੀ ਕੈਮਿਸਟਰੀ ਨੇ ਪ੍ਰਸ਼ੰਸਕਾਂ ਨੂੰ ਮੋਹ ਲਿਆ ਹੈ। ਫਿਲਮ ਵਿੱਚ ਜਿਸ ਤਰ੍ਹਾਂ ਦੇ ਟਵੀਸਟ ਵੇਖਣ ਨੂੰ ਮਿਲੇ ਹਨ, ਹਰ ਕੋਈ ਇਸਦੀ ਖੂਬ ਤਾਰੀਫ ਕਰ ਰਿਹਾ ਹੈ।