Sidhu Moose Wala Poster On Jalandhar Bypoll: ਜਲੰਧਰ ਲੋਕ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਲਈ ਵੋਟਿੰਗ ਲਗਾਤਾਰ ਜਾਰੀ ਹੈ।  ਆਮ ਆਦਮੀ ਪਾਰਟੀ ਲਈ ਇਹ ਚੋਣ ਪ੍ਰੀਖਿਆ ਵਜੋਂ ਮੰਨੀ ਜਾ ਰਹੀ ਹੈ। ਇਸ ਚੋਣ ਦੇ ਨਤੀਜੇ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਉੱਪਰ ਅਸਰ ਪਾਉਣਗੇ। ਅਜਿਹੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਲੰਧਰ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ। ਇਸ ਵਿਚਕਾਰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕ ਲਗਾਤਾਰ ਗਾਇਕ ਦੇ ਹੱਕ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ। ਦਰਅਸਲ, ਜਲੰਧਰ ਵੋਟਿੰਗ ਬੂਥਾਂ ਦੌਰਾਨ ਮਰਹੂਮ ਗਾਇਕ ਦੇ ਪੋਸਟਰ ਲਗਾਏ ਗਏ। 


ਇਸ ਦੌਰਾਨ ਮਰਹੂਮ ਗਾਇਕ ਸਿੱਧੂ ਦੇ ਪ੍ਰਸ਼ੰਸ਼ਕਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਵਿਚਕਾਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਬੀਤੇ ਦਿਨ ਇੱਕ ਵੀਡੀਓ ਸਾਂਝਾ ਕੀਤਾ ਗਿਆ ਸੀ। ਜਿਸ ਵਿੱਚ ਉਨ੍ਹਾਂ ਜਲੰਧਰ ਵਾਸੀਆਂ ਨੂੰ ਖਾਸ ਅਪੀਲ ਕੀਤੀ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਤੁਹਾਡੀ ਯਾਦਦਾਸ਼ਤ ਲਈ ਇੱਕ ਅਪੀਲ ਕਰਨ ਲੱਗਾ ਜੋ ਵੀ ਆਪਣੀ ਕਮਿਟਮੈਂਟ ਹੋਈ ਏ...ਜੋ ਤੁਹਾਡੀ ਅਤੇ ਮੇਰੀ ਰਾਏ ਸੀ। ਇਸ ਨੂੰ ਆਪਾਂ ਕੱਲ੍ਹ ਫੈਸਲੇ ਵਿੱਚ ਤਬਦੀਲ ਕਰਨਾ ਏ...ਭੁੱਲ ਨਾ ਜਾਇਓ... ਵੋਟ ਪਾਉਣ ਤੋਂ ਪਹਿਲਾਂ ਆਪਣੇ ਨੌਜਵਾਨ ਪੁੱਤਰ ਜਾਂ ਧੀ ਦਾ ਚਿਹਰਾ ਦੇਖ ਕੇ ਵੋਟ ਕਰਨਾ... ਕਿਉਂਕਿ ਸਰਕਾਰ ਵੱਲੋਂ ਕੱਲ੍ਹ ਦੀਆਂ ਬੜੀਆਂ ਘਿਣਾਉਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ। ਜਿਨ੍ਹਾਂ ਨੇ ਮੇਰੇ ਨਾਲ ਸੋਸ਼ਲ ਮੀਡੀਆ ਤੇ ਮੈਨੂੰ ਬਦਨਾਮ ਕਰਨ ਦੀ ਖਾਤਰ ਮਿਲਣ ਵਾਲਾ ਸੋ ਤਰ੍ਹਾਂ ਦਾ ਬੰਦਾ ਘਰ ਆਉਂਦਾ ਉਨ੍ਹਾਂ ਨਾਲ ਮੇਰੀਆਂ ਫੋਟੋਆਂ ਲਾ-ਲਾ ਕੇ ਮ਼ਜ਼ਾਕ ਬਣਾਇਆ ਜਾ ਰਿਹਾ।



ਦੱਸ ਦਈਏ ਕਿ ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਅੱਜ ਹੋ ਰਹੀ ਹੈ। ਇਸ ਚੋਣ ਵਿੱਚ 19 ਉਮੀਦਵਾਰ ਮੈਦਾਨ 'ਚ ਹਨ ਜਿਸ ਕਰਕੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਅੱਜ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਲੰਧਰ ਲੋਕ ਸਭਾ ਹਲਕੇ ਅਧੀਨ 9 ਵਿਧਾਨ ਸਭਾ ਹਲਕਿਆਂ ਜਲੰਧਰ ਨਾਰਥ, ਵੈਸਟ, ਸੈਂਟਰਲ, ਕੈਂਟ, ਆਦਮਪੁਰ, ਕਰਤਾਰਪੁਰ, ਫਿਲੌਰ, ਨਕੋਦਰ ਤੇ ਸ਼ਾਹਕੋਟ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ 16,21,759 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਧਰ ਚੋਣਾਂ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।