Punjabi Singer Gets Threat: ਮਸ਼ਹੂਰ ਪੰਜਾਬੀ ਗਾਇਕ ਆਪਣੀ ਆਵਾਜ਼ ਦੇ ਦਮ ਤੇ ਦੁਨੀਆ ਭਰ ਵਿੱਚ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲਾਂਕਿ ਕਈ ਵਾਰ ਉਨ੍ਹਾਂ ਨੂੰ ਆਪਣੇ ਗੀਤਾਂ ਦੇ ਚੱਲਦੇ ਨਫਰਤ ਦਾ ਸਾਹਮਣਾ ਕਰਨਾ ਪੈਂਦਾ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਕੈਂਬੀ ਰਾਜਪੁਰੀਆ ਨਾਂਅ ਨਾਲ ਮਸ਼ਹੂਰ ਪੰਜਾਬੀ ਗਾਇਕ ਨੇ ਮੰਗਲਵਾਰ ਨੂੰ ਆਪਣੇ ਯੂਟਿਊਬ ਚੈਨਲ 'ਤੇ ਆਪਣਾ ਨਵਾਂ ਗੀਤ 'ਤੇਜ਼ ਮਾਲ' (Tezz Maal) ਰਿਲੀਜ਼ ਕੀਤਾ। ਗਾਇਕ ਦੇ ਕੁਝ ਫਾਲੋਅਰਜ਼ ਨੂੰ ਇਹ ਗੀਤ ਪਸੰਦ ਆਇਆ ਅਤੇ ਕੁਝ ਨੇ ਇਸਨੂੰ ਨਾ ਪਸੰਦ ਕੀਤਾ।

ਗਾਇਕ ਕੈਂਬੀ ਰਾਜਪੁਰੀਆ ਦੀ ਇਸ ਵੀਡੀਓ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਹੈ, ਕਿਉਂਕਿ ਗਾਇਕ ਨੇ ਗੀਤ ਵਿੱਚ 'ਪੀਕੇ' ਵਰਗਾ ਲੁੱਕ ਅਪਣਾਇਆ ਹੈ, ਜੋ ਕਿ ਆਈਪੀਐਲ 2025 ਦੌਰਾਨ ਕੀਤੇ ਗਏ ਆਪਣੇ ਵਾਅਦੇ ਨੂੰ ਪੂਰਾ ਕਰਦਾ ਹੈ। ਵੀਡੀਓ ਵਿੱਚ ਕੈਂਬੀ ਰਾਜਪੁਰੀਆ ਨੂੰ ਬਿਨ੍ਹਾਂ ਕਿਸੇ ਕੱਪੜਿਆਂ ਦੇ ਦੇਖਿਆ ਜਾ ਸਕਦਾ ਹੈ, ਨਾਲ ਹੀ ਇੱਕ ਰੇਡੀਓ ਫੜਿਆ ਹੋਇਆ ਹੈ। ਬਿਲਕੁਲ ਜਿਵੇਂ ਆਮਿਰ ਖਾਨ ਨੇ ਆਪਣੀ ਸੁਪਰਹਿੱਟ ਫਿਲਮ 'ਪੀਕੇ' ਵਿੱਚ ਕੀਤਾ ਸੀ।

ਗਾਇਕ ਦਾ ਲੋਕਾਂ ਨੂੰ ਕਰਾਰਾ ਜਵਾਬ

ਹੁਣ ਗਾਇਕ ਦੀ ਇਸ ਵੀਡੀਓ ਤੋਂ ਬਾਅਦ ਜਿੱਥੇ ਗਾਇਕ ਦੁਆਰਾ ਕਹੀ ਗੱਲ ਨੂੰ ਪੂਰਾ ਕੀਤੇ ਜਾਣ ਤੋਂ ਬਾਅਦ ਤਾਰੀਫ਼ ਹੋ ਰਹੀ ਹੈ, ਉੱਥੇ ਹੀ ਬਹੁਤ ਸਾਰੇ ਪ੍ਰਸ਼ੰਸਕ ਗਾਇਕ ਦੀ ਇਸ ਵੀਡੀਓ ਉਤੇ ਗਾਇਕ ਨੂੰ ਟ੍ਰੋਲ ਕਰ ਰਹੇ ਹਨ, ਜਿਸ ਤੋਂ ਬਾਅਦ ਹੁਣ ਗਾਇਕ ਨੇ ਇੱਕ ਵੀਡੀਓ ਸਾਂਝੀ ਕਰਕੇ ਸਭ ਨੂੰ ਜਵਾਬ ਦਿੱਤਾ। ਵੀਡੀਓ ਸਾਂਝੀ ਕਰਦੇ ਹੋਏ ਗਾਇਕ ਨੇ ਕਿਹਾ, "ਪਹਿਲਾਂ ਤਾਂ ਧੰਨਵਾਦ ਉਹਨਾਂ ਸਾਰੇ ਸੱਭਿਆਚਾਰ ਦੇ ਦਾਇਰੇ ਵਿੱਚ ਰਹਿਣ ਵਾਲੇ ਪੰਜਾਬੀਆਂ ਦਾ...ਜਿੰਨ੍ਹਾਂ ਨੇ ਮੈਨੂੰ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਕੱਢੀਆਂ...ਖਾਸ ਕਰ ਪੰਜਾਬੀਆਂ ਦਾ...ਕਿਉਂਕਿ ਇਹਨਾਂ ਨੂੰ ਭੜਾਸ ਕੱਢਣ ਲਈ ਕਲਾਕਾਰ ਹੀ ਮਿਲਦੇ ਹਨ, ਕਿਉਂਕਿ ਪਤਾ ਹੈ ਕਿ ਜੇਕਰ ਰਾਹ ਜਾਂਦੇ ਕਿਸੇ ਬੰਦੇ ਨੂੰ ਗਾਲ੍ਹਾਂ ਕੱਢਾਂਗੇ ਤਾਂ ਥੱਪੜੇ ਖਾਵਾਂਗੇ, ਇਸ ਨਾਲੋਂ ਚੰਗਾ ਹੈ ਕਿ ਕਲਾਕਾਰ ਨੂੰ ਗਾਲ੍ਹਾਂ ਕੱਢਦੇ ਹਾਂ ਘਰੇ ਬੈਠ ਕੇ...ਅਤੇ ਜੇਕਰ ਕਲਾਕਾਰ ਸਾਨੂੰ ਕੁੱਝ ਬੋਲੇਗਾ ਤਾਂ ਅਸੀਂ ਪੱਤਾ ਖੇਡਾਂਗੇ ਕਿ ਇਸਨੂੰ ਸਰੋਤਿਆਂ ਨਾਲ ਗੱਲ ਕਰਨ ਦੀ ਅਕਲ ਨਹੀਂ ਹੈਗੀ।"

 

ਗਾਇਕ ਨੇ ਅੱਗੇ ਕਿਹਾ, "ਮੈਂ ਜੋ ਉਹ ਵੀਡੀਓ ਪਾਈ ਸੀ, ਪਹਿਲਾਂ ਤਾਂ ਡੇਢ ਦਿਨ ਠੀਕ ਰਿਹਾ...ਬਾਅਦ ਵਿੱਚ ਹੁਣ ਉਸ ਵੀਡੀਓ ਨੂੰ ਹੋਰ ਰੰਗਤ ਦਿੱਤੀ ਜਾ ਰਹੀ ਹੈ, ਪਤਾ ਨਹੀਂ ਕਿਹੜੇ ਪ੍ਰਾਪੇਗੰਡਾ ਦੇ ਤਹਿਤ, ਕਿਉਂਕਿ ਮੈਨੂੰ ਖਾਸਾ ਪਿਆਰ ਕਰਨ ਵਾਲੇ ਹੈਗੇ ਨੇ...ਉਹਨੂੰ ਹੋਰ ਹਵਾ ਦਿੱਤੀ ਜਾ ਰਹੀ ਹੈ...ਅਤੇ ਮੇਰੀ ਬੇਨਤੀ ਹੈ ਕਿ ਪਲੀਜ਼ ਮੈਂ ਨਿਯਮਾਂ ਵਿੱਚ ਰਹਿ ਕੇ ਵੀਡੀਓ ਪੋਸਟ ਕੀਤੀ ਹੈ ਅਤੇ ਡੇਢ ਦਿਨ ਤਾਂ ਮੈਂ ਇਗਨੋਰ ਕੀਤਾ, ਜਿਹੜੇ ਮੈਨੂੰ ਮੈਸੇਜ ਕਰਦੇ ਰਹੇ, ਮੈਨੂੰ ਲੱਗਿਆ ਕਿ ਫੇਕ ਅਕਾਉਂਟਾਂ ਤੋਂ ਲੋਕ ਸਵਾਦ ਲੈਂਦੇ ਨੇ...ਪਰ ਹੁਣ ਹੋਰ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਹੋਰਾਂ ਬੰਦਿਆਂ ਨੂੰ ਟੈਗ ਕਰਕੇ ਕੁਮੈਂਟ ਕਰ ਰਹੇ ਹਨ ਕਿ ਇਸਦਾ ਨੰਬਰ ਲਾਓ ਜੀ, ਲੱਚਰਤਾ ਫੈਲਾਈ ਹੈ, ਇਹ-ਉਹ...।"

ਲੋਕਾਂ ਨੂੰ ਕੀਤੀ ਬੇਨਤੀ

ਗਾਇਕ ਨੇ ਕਿਹਾ ਕਿ, "ਮੈਂ ਕੋਈ ਚੀਜ਼ ਗਲਤ ਨਹੀਂ ਕੀਤੀ, ਬਾਲੀਵੁੱਡ ਵਿੱਚ ਇਹ ਚੀਜ਼ ਹੋਈ ਸੀ, ਜਿੰਨ੍ਹਾਂ ਨੇ ਮੈਨੂੰ ਗਾਲ੍ਹਾਂ ਕੱਢੀਆਂ ਮੈਂ ਉਹਨਾਂ ਲਈ ਇਹ ਵੀਡੀਓ ਨਹੀਂ ਪਾਈ ਸੀ ਕਿਉਂਕਿ ਦੂਜੇ ਰਾਜਾਂ ਵਾਲੇ ਵੀ ਮੈਸੇਜ ਕਰ ਰਹੇ ਸਨ, ਕਿਉਂਕਿ ਜਿਹੜੀ ਜ਼ੁਬਾਨ ਕਰਤੀ ਸੀ, ਉਹ ਕਰਨਾ ਸੀ, ਫਿਰ ਮੈਂ ਜੋ ਹੋ ਸਕਿਆ ਮੈਂ ਕੀਤਾ।" ਵੀਡੀਓ ਦਾ ਅੰਤ ਕਰਦੇ ਹੋਏ ਗਾਇਕ ਨੇ ਕਿਹਾ, "ਮੈਨੂੰ ਪਤਾ ਹੈ ਕਿ ਕੁਮੈਂਟ ਬਗੈਰਾਂ ਜਿਆਦਾਤਰ ਫੇਕ ਹੀ ਹੁੰਦੇ ਹਨ, ਆਪਾਂ ਇਗਨੌਰ ਕਰਦੇ ਹਾਂ, ਮੈਂ ਬਹੁਤ ਹੀ ਸ਼ਾਂਤ ਕਿਸਮ ਦਾ ਆਦਮੀ ਹਾਂ, ਜਦੋਂ ਤੁਸੀਂ ਇਸ ਤਰ੍ਹਾਂ ਦੇ ਬੰਦੇ ਨੂੰ ਤੰਗ ਪਰੇਸ਼ਾਨ ਕਰੋਗੇ ਤਾਂ ਪਤਾ ਨਹੀਂ ਕਿ ਉਸ ਸ਼ਾਂਤ ਬੰਦੇ ਦੇ ਅੰਦਰ ਕਿੰਨਾ ਸ਼ੋਰ ਹੁੰਦਾ ਸੋ ਬਿਨ੍ਹਾਂ ਮਤਲਬ ਤੋਂ ਕੋਈ ਲਪੇਟਿਆ ਨਾ ਜਾਵੇ। ਇਹ ਮੈਂ ਸਿਰਫ਼ ਇੱਕ ਬੇਨਤੀ ਕਰ ਰਿਹਾ ਹਾਂ।"

ਦੱਸਣਯੋਗ ਹੈ ਕਿ ਗਾਇਕ ਕੈਂਬੀ ਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਅਦਾ ਕੀਤਾ ਸੀ ਕਿ ਜੇਕਰ ਪੰਜਾਬ ਕਿੰਗਜ਼ ਆਈਪੀਐਲ 2025 ਦੇ ਫਾਈਨਲ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਤੋਂ ਆਪਣਾ ਮੈਚ ਹਾਰ ਜਾਂਦਾ ਹੈ ਤਾਂ ਉਹ ਆਪਣੇ ਸਾਰੇ ਕੱਪੜੇ ਉਤਾਰ ਦੇਵੇਗਾ। ਪੰਜਾਬ ਕਿੰਗਜ਼ ਦੀ ਹਾਰ ਤੋਂ ਬਾਅਦ ਇੰਟਰਨੈੱਟ ਪ੍ਰਤੀਕਿਰਿਆਵਾਂ ਨਾਲ ਭਰ ਗਿਆ, ਗਾਇਕ ਨੂੰ ਉਸਦੇ ਅਜੀਬ ਸੱਟੇਬਾਜ਼ੀ ਲਈ ਟ੍ਰੋਲ ਕੀਤਾ ਗਿਆ। ਆਪਣੇ ਬਚਨ 'ਤੇ ਖਰਾ ਉਤਰਦੇ ਹੋਏ ਕੈਂਬੀ ਨੇ ਆਪਣੇ ਨਵੇਂ ਰਿਲੀਜ਼ ਹੋਏ ਗੀਤ ਦੇ ਵੀਡੀਓ ਨੂੰ ਪੀਕੇ ਵਰਗੀ ਕਲਿੱਪ ਨਾਲ ਖ਼ਤਮ ਕੀਤਾ। ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।