Karan Aujla and AP Dhillon Show: ਦੁਨੀਆ ਭਰ ਦੇ ਸਿੱਖਾਂ ਵੱਲੋਂ ਇਤਿਹਾਸ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਪੰਦਰਵਾੜਾ (15 ਤੋਂ 31 ਦਸੰਬਰ) ਮਨਾਇਆ ਜਾ ਰਿਹਾ ਹੈ। ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਸੀ ਕਿ ਖੁਸ਼ੀ ਦੇ ਸਮਾਗਮਾਂ ਵਿੱਚ ਗਾਉਣ-ਵਜਾਉਣ ਤੋਂ ਗੁਰੇਜ ਕੀਤਾ ਜਾਏ। ਦੂਜੇ ਪਾਸੇ ਪੰਜਾਬੀ ਗਾਇਕ ਕਰਨ ਔਜਲਾ ਤੇ ਏਪੀ ਢਿੱਲੋਂ ਇਨ੍ਹਾਂ ਦਿਨਾਂ ਦੌਰਾਨ ਲਾਈਵ ਸ਼ੋਅ ਕਰ ਰਹੇ ਹਨ। ਇਸ ਲਈ ਸਵਾਲ ਖੜ੍ਹੇ ਹੋ ਰਹੇ ਹਨ। ਪਤਾ ਲੱਗਾ ਹੈ ਕਿ ਦਿਲਜੀਤ ਦੋਸਾਂਝ ਨੇ ਸ਼ਹੀਦੀ ਸਭਾ ਕਰਕੇ ਆਪਣੇ ਸ਼ੋਅ ਨੂੰ ਬ੍ਰੇਕ ਦਿੱਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਏਪੀ ਢਿੱਲੋਂ ਦਾ ਚੰਡੀਗੜ੍ਹ ਵਿੱਚ 21 ਦਸੰਬਰ ਨੂੰ ਸ਼ੋਅ ਸੀ ਤੇ ਅਗਲੇ ਦਿਨਾਂ ਵਿੱਚ ਉਹ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੀ ਸ਼ੋਅ ਕਰ ਰਿਹਾ ਹੈ। ਇਸੇ ਤਰ੍ਹਾਂ ਕਰਨ ਔਜਲਾ ਦਾ 18 ਤੇ 19 ਦਸੰਬਰ ਨੂੰ ਦਿੱਲੀ ਤੇ 21 ਤੇ 22 ਦਸੰਬਰ ਨੂੰ ਮੁਬੰਈ ਵਿੱਚ ਸ਼ੋਅ ਹੋਇਆ। ਕਰਨ ਦਾ ਅਗਲਾ ਸ਼ੋਅ 24 ਦਸੰਬਰ ਨੂੰ ਕੋਲਕਾਤਾ ਵਿੱਚ ਹੈ। ਹੁਣ ਸਵਾਲ ਉੱਠ ਰਹੇ ਹਨ ਕਿ ਮਹਾਨ ਸ਼ਹਾਦਤ ਦੇ ਸਤਿਕਾਰ ਵਜੋਂ ਇਹ ਗਾਇਕ ਆਪਣੇ ਸ਼ੋਅ ਅੱਗ ਨਹੀਂ ਟਾਲ ਸਕਦੇ?
ਦਰਅਸਲ ਸਿੱਖ ਸੰਗਤ ਇਨ੍ਹਾਂ ਦਿਨਾਂ ਦੌਰਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹਨ। ਬਹੁਤ ਸਾਰੇ ਲੋਕ ਇਨ੍ਹਾਂ ਦਿਨਾਂ ਵਿੱਚ ਵਿਆਹ ਸ਼ਾਦੀਆਂ ਨਹੀਂ ਕਰਦੇ ਤੇ ਸਖਤ ਠੰਢ ਹੋਣ ਦੇ ਬਾਵਜੂਦ ਭੂੰਜੇ ਸੌਂਦੇ ਹਨ। ਇਸੇ ਤਹਿਤ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਸੀ ਕਿ ਉਹ ਸ਼ਹੀਦੀ ਪੰਦਰਵਾੜੇ ਦੌਰਾਨ ਘਰਾਂ ਵਿੱਚ ਖੁਸ਼ੀ ਦੇ ਸਮਾਗਮ ਨਾ ਕਰਨ ਤੇ ਸ਼ਹੀਦੀ ਸਭਾ ਦੇ ਸਮਾਗਮਾਂ ਵਿੱਚ ਸਾਦੇ ਰੂਪ ਵਿੱਚ ਸ਼ਾਮਲ ਹੋਣ।
ਉਨ੍ਹਾਂ ਨੇ ਕਿਹਾ ਕਿ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਲਾਸਾਨੀ ਕੁਰਬਾਨੀ ਦੀ ਦੁਨੀਆਂ ਦੇ ਕਿਸੇ ਵੀ ਧਰਮ ਵਿਚ ਕੋਈ ਮਿਸਾਲ ਨਹੀਂ ਮਿਲਦੀ ਤੇ ਨਾ ਹੀ ਅਜਿਹੀ ਕੁਰਬਾਨੀ ਕਿਸੇ ਨੇ ਦਿੱਤੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਪਵਿਤਰ ਸਥਾਨਾਂ ’ਤੇ ਆਉਣ ਸਮੇਂ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਨ। ਉਨ੍ਹਾਂ ਸਮੂਹ ਲੰਗਰ ਕਮੇਟੀਆਂ ਤੇ ਸਭਾ ਸੁਸਾਇਟੀਆਂ ਨੂੰ ਵੀ ਕਿਹਾ ਕਿ ਲੰਗਰਾਂ ਵਿੱਚ ਮਿੱਠੇ ਪਕਵਾਨ ਨਾ ਪਕਾਏ ਜਾਣ। ਇਹ ਸ਼ਹੀਦੀ ਪੰਦਰਵਾੜਾ 15 ਤੋਂ 31 ਦਸੰਬਰ ਤੱਕ ਮਨਾਇਆ ਜਾਂਦਾ ਹੈ।