Punjabi Singer Ranjit Bawa: ਪੰਜਾਬੀ ਗਾਇਕ ਰਣਜੀਤ ਬਾਵਾ ਨੇ ਹਿਮਾਚਲ ਵਿੱਚ ਆਪਣਾ ਸ਼ੋਅ ਰੱਦ ਹੋਣ ਮਗਰੋਂ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੂੰ ਲਲਕਾਰਿਆ ਹੈ। ਗਾਇਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਰਣਜੀਤ ਬਾਵਾ ਨੇ ਕਿਹਾ ਕਿ ਕੁਝ ਲੋਕਾਂ ਨੇ ਸਿਆਸਤ ਖੇਡ ਕੇ ਹਿੰਦੂ-ਸਿੱਖ ਮੁੱਦਾ ਬਣਾਇਆ ਹੈ। ਬਾਵਾ ਨੇ ਕਿਹਾ ਕਿ ਮੇਰੇ ਜਿਸ ਗੀਤ ਦਾ ਵਿਰੋਧ ਹੋ ਰਿਹਾ ਹੈ, ਉਸ ਨੂੰ ਮੈਂ 4 ਸਾਲ ਪਹਿਲਾਂ ਹੀ ਡਿਲੀਟ ਕਰ ਦਿੱਤਾ ਸੀ। ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨ ਲਈ ਹੁੰਦੇ ਹਨ, ਪਰ ਉਨ੍ਹਾਂ ਦਾ ਵਿਰੋਧ ਕਰਨ ਵਾਲੇ (ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ) ਨਫ਼ਰਤ ਦਾ ਸਬੂਤ ਦੇ ਰਹੇ ਹਨ। ਇਹ ਦੇਸ਼ ਕਿਸੇ ਇੱਕ ਦਾ ਨਹੀਂ, ਸਗੋਂ ਸਾਰਿਆਂ ਦਾ ਹੈ।
ਦੱਸ ਦਈਏ ਕਿ ਰਣਜੀਤ ਬਾਵਾ ਨੂੰ ਨਾਲਾਗੜ੍ਹ ਦੇ ਰੈੱਡ ਕਰਾਸ ਮੇਲੇ ਵਿੱਚ ਬੁਲਾਇਆ ਗਿਆ ਸੀ। ਹਾਲਾਂਕਿ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਰਣਜੀਤ ਬਾਵਾ ਨੇ ਆਪਣੇ ਗੀਤ ਵਿੱਚ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਦੇ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਨੇ ਬਾਵਾ ਦਾ ਸ਼ੋਅ ਰੱਦ ਕਰ ਦਿੱਤਾ ਤੇ ਗਾਇਕ ਕੁਲਵਿੰਦਰ ਬਿੱਲਾ ਨੂੰ ਬੁਲਾ ਲਿਆ।
ਗਾਇਕ ਰਣਜੀਤ ਬਾਵਾ ਨੇ ਪੋਸਟ ਵਿੱਚ ਲਿਖਿਆ ਨਾਲਾਗੜ੍ਹ ਸ਼ੋਅ ਕੈਂਸਲ ਕਰਵਾ ਕੇ ਕੁਝ ਲੋਕਾਂ ਨੇ ਨਫਰਤ ਫੈਲਾਈ ਤੇ ਇਸ ਗੱਲ ਦਾ ਸਬੂਤ ਦਿੱਤਾ ਕਿ ਸਿਆਸਤ ਖੇਡ ਕੇ ਹਿੰਦੂ-ਸਿੱਖ ਨੂੰ ਮੁੱਦਾ ਲਵੋ। ਜੋੜਨਾ ਸਿੱਖੋ, ਤੋੜਨਾ ਨਹੀਂ। ਇਹ ਦੇਸ਼ ਸਾਰਿਆਂ ਦਾ ਹੈ, ਕਿਸੇ ਦਾ ਨਹੀਂ ਕਿ ਜਦੋਂ ਚਾਹੋ ਵਿਵਾਦ ਖੜ੍ਹਾ ਕਰ ਦਿਓ। ਰਣਜੀਤ ਬਾਵਾ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਪਿਛਲੇ ਇੱਕ ਸਾਲ ਦੌਰਾਨ ਹਿਮਾਚਲ ਵਿੱਚ ਮੇਰਾ ਤੀਜਾ ਸ਼ੋਅ ਰੱਦ ਹੋਇਆ ਹੈ। ਪੰਜਾਬ ਵਿੱਚ ਕੋਈ ਕਮੀ ਨਹੀਂ, ਇੱਥੇ ਸ਼ੋਅ ਬਹੁਤ ਹਨ ਪਰ ਗੱਲ ਇਹ ਹੈ ਕਿ ਤੁਸੀਂ ਨਫ਼ਰਤ ਨੂੰ ਬਹੁਤ ਓਵਰ ਕਰ ਰਹੇ ਹੋ। ਧਰਮ ਦੇ ਨਾਮ ਉਪਰ ਰਾਜਨੀਤੀ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਥੋੜ੍ਹਾ ਸਮਝਾਓ। ਕਲਾਕਾਰ ਮਨੋਰੰਜਨ ਲਈ ਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ, ਕੁਝ ਲੋਕ ਧਰਮ ਦੇ ਨਾਂ 'ਤੇ ਲੜਾਈ ਨੂੰ ਖਤਮ ਨਹੀਂ ਕਰਨਾ ਚਾਹੁੰਦੇ। ਹਰ ਗੱਲ 'ਤੇ ਹਿੰਦੂ-ਸਿੱਖ ਦਾ ਮੁੱਦਾ ਬਣਾ ਲੈਂਦੇ ਹੋ। ਬਹੁਤ ਸਾਰੇ ਪ੍ਰਸ਼ੰਸਕਾਂ ਵੱਲੋਂ ਸੰਦੇਸ਼ ਆ ਰਹੇ ਹਨ ਪਰ, ਅਸੀਂ ਨਹੀਂ ਆ ਰਹੇ ਕਿਉਂਕਿ ਤੁਹਾਡੇ ਲੋਕ ਇਸ ਮਾਮਲੇ ਨੂੰ ਖਤਮ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੇ ਕਿਹਾ ਕਿ ਜਿਸ ਗੀਤ 'ਮੇਰਾ ਕੀ ਕਸੂਰ' ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਸ ਗੀਤ ਨੂੰ ਹਟਾਏ 4 ਸਾਲ ਹੋ ਗਏ ਹਨ। ਅਸੀਂ ਇਸ ਸਬੰਧੀ ਇੱਕ ਵੀਡੀਓ ਵੀ ਪੋਸਟ ਕੀਤੀ ਸੀ ਤੇ ਕਿਹਾ ਸੀ ਕਿ ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਅਸੀਂ ਮਾਫੀ ਚਾਹੁੰਦੇ ਹਾਂ। ਤੁਸੀਂ ਅਜੇ ਵੀ ਇਸੇ ਮੁੱਦੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ।
ਰਣਜੀਤ ਬਾਵਾ ਨੇ ਕਿਹਾ ਕਿ ਧਰਮ ਏਕਤਾ ਸਿਖਾਉਂਦਾ ਹੈ, ਵੰਡਣਾ ਨਹੀਂ। ਕਲਾਕਾਰ ਭਰਾਵਾਂ ਨੂੰ ਵੀ ਕੁਝ ਸਹਿਯੋਗ ਦਿਆ ਕਰੋ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਰੱਬ ਲੋਕਾਂ ਨੂੰ ਪਿਆਰ ਕਰਨਾ ਸਿਖਾਏ ਤੇ ਇਹ ਨਫ਼ਰਤ ਖਤਮ ਹੋ ਜਾਵੇ। ਕਿਸੇ ਹੋਰ ਸਮੇਂ, ਅਸੀਂ ਇੱਥੇ ਇੱਕ ਸ਼ੋਅ ਕਰਨ ਲਈ ਜਲਦੀ ਆਵਾਂਗੇ।