Punjabi Singer Ranjit Bawa: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਇਨ੍ਹੀਂ ਦਿਨੀਂ ਵਿਵਾਦਾਂ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ ਦਾ ਹਿਮਾਚਲ 'ਚ ਸ਼ੋਅ ਰੱਦ ਹੋਣ ਤੋਂ ਬਾਅਦ ਤਹਿਲਕਾ ਮੱਚ ਗਿਆ। ਇਸ ਤੋਂ ਬਾਅਦ ਬਾਵਾ ਦਾ ਬਿਆਨ ਸਾਹਮਣੇ ਆਇਆ ਹੈ। 


ਰਣਜੀਤ ਬਾਵਾ ਦਾ ਬਿਆਨ ਆਇਆ ਸਾਹਮਣੇ


ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਗਾਇਕ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੋਅ ਨਾਲ ਸਬੰਧਤ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ''ਨਾਲਾਗੜ੍ਹ ਸ਼ੋਅ ਨੂੰ ਰੱਦ ਕਰਕੇ ਕੁਝ ਲੋਕਾਂ ਨੇ ਨਫਰਤ ਫੈਲਾਈ ਹੈ ਅਤੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਰਾਜਨੀਤੀ ਖੇਡ ਕੇ ਹਿੰਦੂ-ਸਿੱਖ ਦਾ ਮਸਲਾ ਬਣਾ ਲਓ। ਜੋੜਨਾ ਸਿੱਖੋ, ਤੋੜਨਾ ਨਹੀਂ। ਇਹ ਦੇਸ਼ ਸਭ ਦਾ ਸਾਂਝਾ ਹੈ, ਕਿਸੇ ਇੱਕ ਦਾ ਨਹੀਂ, ਜੋ ਜਦੋਂ ਚਾਹੇ ਹੰਗਾਮਾ ਮਚਾ ਦਿੱਤਾ। ਮੈਂ ਮਾਨਯੋਗ ਮੁੱਖ ਮੰਤਰੀ ਹਿਮਾਚਲ ਜੀ ਨੂੰ ਬੇਨਤੀ ਕਰਦਾ ਹਾਂ ਕਿ ਪਿਛਲੇ ਇੱਕ ਸਾਲ ਵਿੱਚ ਹਿਮਾਚਲ ਵਿੱਚ ਸਾਡਾ ਤੀਜਾ ਸ਼ੋਅ ਰੱਦ ਹੋ ਗਿਆ ਹੈ। ਸਾਡੇ ਕੋਲ ਕੋਈ ਕਮੀ ਨਹੀਂ...ਬਹੁਤ ਸਾਰੇ ਸ਼ੋਅ ਪੰਜਾਬ 'ਚ ਹੀ ਹੋਏ ਹਨ...ਬੱਸ ਗੱਲ ਇਹ ਹੈ ਕਿ ਤੁਸੀਂ ਇਸ ਨਫਰਤ ਨੂੰ ਅੰਜਾਮ ਦੇ ਰਹੇ ਹੋ, ਧਰਮ ਦੇ ਨਾਂ 'ਤੇ ਰਾਜਨੀਤੀ ਕਰਨ ਵਾਲੇ ਇਹਨਾਂ ਲੋਕਾਂ ਨੂੰ ਥੋੜਾ ਸਮਝਾਓ। ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨ ਲਈ ਹੁੰਦੇ ਹਨ, ਪਰ ਤੁਸੀਂ ਲੋਕ ਹੁਣ ਨਫ਼ਰਤ ਦਾ ਸਬੂਤ ਦੇ ਰਹੇ ਹੋ।"




ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਰਣਜੀਤ ਬਾਵਾ 13 ਤੋਂ 15 ਦਸੰਬਰ ਤੱਕ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ 'ਚ ਹੋਣ ਵਾਲੇ 3 ਰੋਜ਼ਾ ਜ਼ਿਲ੍ਹਾ ਪੱਧਰੀ ਰੈੱਡ ਕਰਾਸ ਮੇਲੇ 'ਚ ਪਰਫਾਰਮ ਕਰਨ ਜਾ ਰਿਹਾ ਸੀ, ਪਰ ਇਸ ਗਾਇਕ ਦਾ ਹਿੰਦੂ ਸੰਗਠਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਲਗਾਤਾਰ ਰੈਲੀਆਂ ਕੱਢੀਆਂ ਜਿਸ ਤੋਂ ਬਾਅਦ ਬਾਵਾ ਦਾ ਸ਼ੋਅ ਰੱਦ ਕਰ ਦਿੱਤਾ ਗਿਆ।


ਦੱਸਿਆ ਜਾ ਰਿਹਾ ਹੈ ਕਿ ਰਣਜੀਤ ਬਾਵਾ ਦਾ ਹਿੰਦੂ ਸੰਗਠਨਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ, ਕਿਉਂਕਿ ਗਾਇਕ ਨੇ ਕੁਝ ਸਮਾਂ ਪਹਿਲਾਂ 'ਮੇਰਾ ਕੀ ਕਸੂਰ' ਗੀਤ ਗਾਇਆ ਸੀ, ਜਿਸ 'ਚ ਕੁਝ ਗੱਲਾਂ ਨੂੰ ਲੈ ਹਿੰਦੂ ਸੰਗਠਨਾਂ 'ਚ ਗੁੱਸਾ ਸੀ। ਇਸ 'ਤੇ ਹਿੰਦੂ ਸੰਗਠਨਾਂ 'ਚ ਗੁੱਸਾ ਸੀ ਅਤੇ ਉਹ ਲਗਾਤਾਰ ਬਾਵਾ ਦੇ ਸ਼ੋਅ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹੁਣ ਪ੍ਰਸ਼ਾਸਨ ਨੇ ਨਾਲਾਗੜ੍ਹ ਦਾ ਮਾਹੌਲ ਕਿਸੇ ਵੀ ਤਰ੍ਹਾਂ ਖ਼ਰਾਬ ਨਾ ਹੋਣ ਦੇਣ ਲਈ ਵੱਡਾ ਫ਼ੈਸਲਾ ਲੈਂਦਿਆਂ ਰਣਜੀਤ ਬਾਵਾ ਦਾ ਸ਼ੋਅ ਰੱਦ ਕਰ ਦਿੱਤਾ ਹੈ।