Sidhu Moose Wala Mother Charan Kaur New Post: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਉਨ੍ਹਾਂ ਦੀ ਮਾਤਾ ਚਰਨ ਕੌਰ ਨੂੰ ਹਰ ਦਿਨ ਰੁਲਾ ਜਾਂਦੀ ਹੈ। ਮਾਤਾ ਚਰਨ ਕੌਰ ਵੱਲੋਂ ਆਪਣੇ ਪੁੱਤਰ ਸਿੱਧੂ ਦੀ ਯਾਦ ਵਿੱਚ ਆਏ ਦਿਨ ਨਵੀਂ ਪੋਸਟ ਸਾਂਝੀ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਸਾਂਝੀਆਂ ਕੀਤੀਆਂ ਇਹ ਪੋਸਟਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਜਾਂਦੀਆਂ ਹਨ। ਇਸ ਵਿਚਾਲੇ ਮਾਤਾ ਚਰਨ ਕੌਰ ਵੱਲੋਂ ਇੱਕ ਹੋਰ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹ ਸਿੱਧੂ ਦੇ ਕਤਲ ਵਿੱਚ ਸ਼ਾਮਿਲ ਲੋਕਾਂ ਦੇ ਨਵੇਂ-ਨਵੇਂ ਚਿਹਰਿਆਂ ਬਾਰੇ ਗੱਲ ਕਰ ਰਹੀ ਹੈ। 


ਦਰਅਸਲ, ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਥੋੜਾ ਜਿਹਾ ਸਕੂਨ ਮਿਲਦੈ ਸ਼ੁਭ ਪੁੱਤ ਜਦੋਂ ਤੇਰੇ ਕਤਲ ਦੀ ਸ਼ਾਜਿਸ ਘੜਨ ਵਾਲਿਆਂ ਦੇ ਨਵੇਂ ਨਵੇਂ ਚਿਹਰੇ ਸਾਹਮਣੇ ਆਉਂਦੇ ਨੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਤੇ ਪੂਰਨ ਵਿਸ਼ਵਾਸ਼ ਹੈ ਉਹ ਸਾਰੇ ਛੁਪੇ ਹੋਏ ਚਿਹਰੇ ਦੁਨੀਆਂ ਦੇ ਸਾਹਮਣੇ ਲੈ ਕੇ ਆਉਣਗੇ ਪਰ ਸ਼ੁਭ ਸਾਨੂੰ ਨੀ ਪਤਾ ਸੀ ਕਿ ਸਾਡੇ ਇਸ ਮੇਹਨਤੀ ਤੇ ਟਿੱਬਿਆਂ ਚੌਂ ਉਠ ਕੇ ਸਾਰੀ ਦੁਨੀਆਂ ਤੇ ਨਾਮ ਚਮਕਾਉਣ ਵਾਲੇ ਸਿੱਧੇ ਸਾਦੇ ਤੇ ਭੋਲੇ ਪੁੱਤ ਦੇ ਐਨੇ ਦੁਸ਼ਮਣ ਬਣ ਜਾਣਗੇ ਜੇ ਸਾਨੂੰ ਪਤਾ ਹੁੰਦਾ ਤਾਂ ਮੈ ਤੁਹਾਨੂੰ ਕਦੇ ਵੀ ਤਰੱਕੀ ਕਰਨ ਨੂੰ ਨਾਂ ਕਹਿੰਦੀ ਕਿਉਂ ਕੇ ਤਰੱਕੀ ਹੀ ਹਮੇਸ਼ਾਂ ਬੰਦੇ ਦੀ ਦੁਸ਼ਮਣ ਬਣਦੀ ਐ...






ਮਾਤਾ ਚਰਨ ਕੌਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਮਾਂ ਤੇਰਾ ਪੁੱਤ ਅਜਿਹਾ ਦੌਰ ਸੀ।
ਜਿਸ ਵਰਗਾ ਨਾ ਦੁਨੀਆਂ ਵਿੱਚ ਹੋਰ ਸੀ। ਜੋ ਸਿੱਧੂ ਅੱਗੇ ਆਇਆ ਉਸ ਦੀ ਇੱਕ ਨਾ ਚੱਲੀ। ਖੂੰਜੇ ਲਾ ਦਿੱਤੇ ਸਿੱਧੂ ਨੇ ਸਾਰੇ ਲੱਲੀ ਛੱਲੀ। ਜ਼ੋਰ ਬਥੇਰਾ ਲਾ ਲਿਆ ਵੈਰੀਆਂ ਨੇ ਮਿਟਾਉਣ ਨੂੰ। ਸਿੱਧੂ ਤਾਂ ਜੰਮਿਆਂ ਹੀ ਸੀ ਵੈਰੀ ਖੂੰਜੇ ਲਾਉਣ ਨੂੰ। 


ਕਾਬਿਲੇਗੌਰ ਹੈ ਕਿ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਲਗਾਤਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।