ਗਾਇਕ ਤੇਜੀ ਕਾਹਲੋਂ ਨੇ ਫਾਇਰਿੰਗ ਵਾਲੀ ਘਟਨਾ ਨੂੰ ਲੈ ਕੇ ਤੋੜੀ ਚੁੱਪੀ, ਬੋਲੇ-'ਮੈਂ ਪੂਰੀ ਤਰ੍ਹਾਂ ਸੁਰੱਖਿਅਤ, ਝੂਠੀ ਖ਼ਬਰ ਫੈਲਾਈ ਗਈ', ਗੈਂਗਸਟਰ ਨੇ ਪੋਸਟ ਪਾ ਕੀਤਾ ਸੀ ਦਾਅਵਾ
ਬੀਤੇ ਦਿਨੀਂ ਉਸ ਸਮੇਂ ਮਿਊਜ਼ਿਕ ਇੰਡਸਟਰੀ 'ਚ ਹਲਚਲ ਮੱਚ ਗਈ ਜਦੋਂ ਗੈਂਗਸਟਰ ਵੱਲੋਂ ਪੰਜਾਬੀ ਗਾਇਕ ਤੇਜੀ ਕਾਹਲੋਂ 'ਤੇ ਹਮਲਾ ਕਰਨ ਦੀ ਗੱਲ ਆਖੀ ਗਈ। ਪਰ ਹੁਣ ਗਾਇਕ ਨੇ ਪੋਸਟ ਪਾ ਕੇ ਅਜਿਹੀ ਖਬਰਾਂ ਉੱਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਦੱਸਿਆ..

ਬੀਤੇ ਦਿਨੀਂ ਉਸ ਸਮੇਂ ਮਿਊਜ਼ਿਕ ਇੰਡਸਟਰੀ 'ਚ ਹਲਚਲ ਮੱਚ ਗਈ ਜਦੋਂ ਗੈਂਗਸਟਰ ਵੱਲੋਂ ਪੰਜਾਬੀ ਗਾਇਕ ਤੇਜੀ ਕਾਹਲੋਂ ਉੱਤੇ ਹਮਲਾ ਕਰਨ ਦੀ ਗੱਲ ਆਖੀ ਗਈ। ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿੱਚ ਹਮਲੇ ਦੀ ਗੱਲ ਆਖੀ ਗਈ ਸੀ। ਜਿਸ ਕਰਕੇ ਗਾਇਕ ਦੇ ਫੈਨਜ ਅਤੇ ਪਰਿਵਾਰ ਵਾਲੇ ਚਿੰਤਤ ਹੋ ਗਏ ਸਨ। ਪਰ ਹੁਣ ਗਾਇਕ ਤੇਜੀ ਕਾਹਲੋਂ ਨੇ ਇਸ ਘਟਨਾ ਨੂੰ ਗਲਤ ਦੱਸਿਆ ਹੈ। ਪੰਜਾਬ ਦੇ ਮਸ਼ਹੂਰ ਗਾਇਕ ਤੇਜੀ ਕਾਹਲੋਂ ਉੱਤੇ ਕੈਨੇਡਾ ਵਿਚ ਰਾਜਸਥਾਨ ਦੇ ਬਦਨਾਮ ਗੈਂਗਸਟਰ ਰੋਹਿਤ ਗੋਦਾਰਾ ਵੱਲੋਂ ਫਾਇਰਿੰਗ ਕਰਵਾਏ ਜਾਣ ਦੀ ਜਾਣਕਾਰੀ ਗਲਤ ਸਾਬਤ ਹੋਈ ਹੈ। ਤੇਜੀ ਨੇ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਪੋਸਟ ਕਰ ਕੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਠੀਕ ਹਨ ਅਤੇ ਇਨ੍ਹਾਂ ਬਾਰੇ ਫੈਲਾਈ ਗਈ ਖ਼ਬਰਾਂ ਝੂਠੀਆਂ ਹਨ।
ਇਸ ਤੋਂ ਪਹਿਲਾਂ ਮਹਿੰਦਰ ਸਰਨ ਦੈਲਾਨਾ ਦੇ ਅਕਾਊਂਟ ਤੋਂ ਇੱਕ ਦਾਅਵਾ ਕੀਤਾ ਗਿਆ ਸੀ ਕਿ ਗਾਇਕ ਦੇ ਪੇਟ 'ਚ ਗੋਲੀ ਲੱਗ ਗਈ ਹੈ। ਗੈਂਗਸਟਰਾਂ ਦੀ ਪੋਸਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਹ ਫਾਇਰਿੰਗ ਇਸ ਲਈ ਕਰਵਾਈ ਗਈ ਕਿਉਂਕਿ ਕਾਹਲੋਂ ਨੇ ਗੋਦਾਰਾ ਦੇ ਵਿਰੋਧੀ ਗੈਂਗ ਨੂੰ ਪੈਸੇ ਅਤੇ ਹੋਰ ਤਰੀਕਿਆਂ ਨਾਲ ਸਹਿਯੋਗ ਦਿੱਤਾ ਅਤੇ ਉਨ੍ਹਾਂ ਲਈ ਰੇਕੀ ਵੀ ਕੀਤੀ। ਪੋਸਟ ਵਿੱਚ ਧਮਕੀ ਵੀ ਦਿੱਤੀ ਗਈ ਸੀ ਕਿ ਜੇ ਇਹ ਰੁਕੇਗਾ ਨਹੀਂ ਤਾਂ ਅਗਲੀ ਵਾਰ ਮਾਰ ਦਵਾਂਗੇ।
ਜਾਣੋ ਗਾਇਕ ਨੇ ਪੋਸਟ ਵਿੱਚ ਕੀ ਲਿਖਿਆ
ਗਾਇਕ ਨੇ ਪੋਸਟ ਵਿੱਚ ਲਿਖਿਆ ਹੈ- 'ਮੈਂ ਆਪਣੇ ਪ੍ਰਸ਼ੰਸਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਠੀਕ ਹਾਂ। ਸੋਸ਼ਲ ਮੀਡੀਆ ਅਤੇ ਕੁਝ ਨਿਊਜ਼ ਚੈਨਲਾਂ 'ਤੇ ਮੇਰੇ ਬਾਰੇ ਗਲਤ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ਕਿ ਮੇਰੇ 'ਤੇ ਗੋਲੀਆਂ ਚਲਾਈਆਂ ਗਈਆਂ। ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਕਿਸੇ ਨਾਲ ਕੋਈ ਝਗੜਾ ਜਾਂ ਦੁਸ਼ਮਣੀ ਨਹੀਂ ਹੈ। ਮੈਂ ਸਾਰੇ ਮੀਡੀਆ ਚੈਨਲਾਂ ਤੋਂ ਅਪੀਲ ਕਰਦਾ ਹਾਂ ਕਿ ਕਿਸੇ ਵੀ ਖ਼ਬਰ ਨੂੰ ਪ੍ਰਸਾਰਿਤ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਤਰ੍ਹਾਂ ਜਾਂਚ ਅਤੇ ਪੁਸ਼ਟੀ ਕਰੋ। ਇਸ ਝੂਠੀ ਖ਼ਬਰ ਨੇ ਮੇਰੇ ਅਤੇ ਮੇਰੇ ਪਰਿਵਾਰ ਉੱਤੇ ਡੂੰਘਾ ਮਾਨਸਿਕ ਪ੍ਰਭਾਵ ਪਾਇਆ ਹੈ। ਮੈਂ ਇਸ ਮਾਮਲੇ ਵਿੱਚ ਇਨ੍ਹਾਂ ਚੈਨਲਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਾਂਗਾ।''

ਇੱਕ ਪੋਸਟ ਤੋਂ ਸ਼ੁਰੂ ਹੋਈ ਪੂਰੀ ਕਹਾਣੀ
ਰੋਹਿਤ ਗੋਦਾਰਾ ਨਾਲ ਜੁੜੇ ਗੈਂਗਸਟਰ ਮਹਿੰਦਰ ਸਰਨ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ: "ਜੈ ਸ੍ਰੀ ਰਾਮ, ਰਾਮ ਰਾਮ ਸਭ ਭਾਈਆਂ ਨੂੰ। ਮੈਂ (ਮਹਿੰਦਰ ਸਰਨ ਦਿਲਾਣਾ) (ਰਾਹੁਲ_ਰਿਨਾਉ) (ਵਿੱਕੀ_ਫਲਵਾਨ) ਭਾਈਆਂ—ਜੋ ਗੋਲਾਬਾਰੀ (ਕੈਨੇਡਾ) ਵਿੱਚ (ਤੇਜੀ ਕਾਹਲੋਂ) ਤੇ ਹੋਈ ਹੈ, ਉਹ ਅਸੀਂ ਕਰਵਾਈ ਹੈ। ਉਸ ਦੇ ਪੇਟ ਵਿੱਚ ਗੋਲੀਆਂ ਲੱਗੀਆਂ ਹਨ। ਇਸ ਤੋਂ ਸਮਝ ਆ ਗਿਆ ਤਾਂ ਠੀਕ, ਨਹੀਂ ਤਾਂ ਅਗਲੀ ਵਾਰੀ ਮਾਰ ਦੇਵਾਂਗੇ! ਇਹ ਸਾਡੇ ਦੁਸ਼ਮਣਾਂ ਨੂੰ ਫਾਇਨੈਨਸ਼ਲ ਸਹਾਇਤਾ ਦੇਣਾ, ਹਥਿਆਰ ਦੇਣਾ, ਕੈਨੇਡਾ ਵਿੱਚ ਸਾਡੇ ਭਾਈਆਂ ਦੀ ਮੁਖਬਰੀ ਕਰਨਾ ਅਤੇ ਉਨ੍ਹਾਂ 'ਤੇ ਹਮਲੇ ਦੀ ਯੋਜਨਾ ਬਣਾਉਣਾ ਸੀ। ਸਾਡੇ ਭਾਈਆਂ ਦੀ ਰੱਖਿਆ ਤਾਂ ਛੱਡੋ, ਜੇ ਕੋਈ ਸੋਚਿਆ ਵੀ ਤਾਂ ਅਸੀਂ ਉਹ ਹਾਲਤ ਬਣਾਵਾਂਗੇ ਜੋ ਇਤਿਹਾਸ ਦੇ ਪੰਨਿਆਂ ਵਿੱਚ ਗੂੰਜੇਗੀ।"
ਉਸਨੇ ਅੱਗੇ ਲਿਖਿਆ, "ਮੈਂ ਤੁਹਾਨੂੰ ਦੱਸ ਦਿਆਂ, ਇਸ ਗੱਦਾਰ ਦੇ ਚੱਕਰ ਵਿੱਚ ਆ ਕੇ ਜੇ ਕਿਸੇ ਨੇ ਸਾਡੇ ਭਾਈਆਂ ਵੱਲ ਦੇਖਿਆ ਜਾਂ ਇਸਨੂੰ ਕਿਸੇ ਨੇ ਵਿੱਤੀ ਸਹਾਇਤਾ ਦਿੱਤੀ ਅਤੇ ਸਾਨੂੰ ਪਤਾ ਲੱਗ ਗਿਆ ਤਾਂ ਉਸਦਾ ਘਰ-ਪਰਿਵਾਰ ਵੀ ਬਖ਼ਸ਼ਿਆ ਨਹੀਂ ਜਾਵੇਗਾ! ਅਸੀਂ ਉਸਦਾ ਨਾਸ਼ ਕਰ ਦੇਵਾਂਗੇ। ਇਹ ਚੇਤਾਵਨੀ ਸਾਰੇ ਭਾਈਆਂ ਅਤੇ ਬਿਜਨਸਮੈਨਾਂ, ਬਿਲਡਰਾਂ, ਹਵਾਲਾ ਵਪਾਰੀਆਂ ਅਤੇ ਜੋ ਵੀ ਹੋਣ—ਸਭ ਲਈ ਹੈ! ਕਿਸੇ ਨੇ ਵੀ ਮਦਦ ਕੀਤੀ ਤਾਂ ਉਹ ਸਾਡਾ ਦੁਸ਼ਮਣ ਹੋਵੇਗਾ! ਅਜੇ ਤਾਂ ਸ਼ੁਰੂਆਤ ਹੀ ਹੋਈ ਹੈ। ਅੱਗੇ ਵੇਖੋ ਹੁੰਦਾ ਕੀ ਹੈ!"
ਇਸ ਵਾਇਰਲ ਪੋਸਟ ਦੀ ਏਬੀਪੀ ਸਾਂਝਾ ਕੋਈ ਪੁਸ਼ਟੀ ਨਹੀਂ ਕਰਦਾ ਹੈ।

ਦੱਸ ਦਈਏ ਪਿਛਲੇ ਕੁੱਝ ਸਮੇਂ ਤੋਂ ਗੈਂਗਸਟਰਾਂ ਵੱਲੋਂ ਕਲਾਕਾਰਾਂ ਨੂੰ ਰੰਗਦਾਰੀ ਲਈ ਡਰਾਇਆ-ਧਮਕਾਇਆ ਜਾਂਦਾ ਹੈ। ਜਿਸ ਕਰਕੇ ਕਈ ਪੰਜਾਬੀ ਕਲਾਕਾਰਾਂ ਉੱਤੇ ਹਮਲੇ ਵੀ ਹੋਏ। ਹਾਲ ਦੇ ਵਿੱਚ ਹੀ ਦੇਸ਼ ਦੇ ਨਾਮੀ ਕਮੇਡੀਅਨ ਕਲਾਕਾਰ ਕਪਿਲ ਸ਼ਰਮਾ ਦੇ ਕੈਨੇਡਾ ਵਾਲੇ ਕੈਫੇ ਉੱਤੇ ਤੀਜੀ ਵਾਰ ਹਮਲਾ ਹੋਇਆ ਸੀ।






















