Preity Zinta Birthday Special: ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਦਾ ਨਾਮ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੀ ਖੂਬਸੂਰਤੀ ਤੇ ਦਮਦਾਰ ਐਕਟਿੰਗ ਦੇ ਨਾਲ ਬਾਲੀਵੁੱਡ 'ਤੇ 2 ਦਹਾਕਿਆਂ ਤੱਕ ਰਾਜ ਕੀਤਾ। ਇਸ ਦੇ ਨਾਲ ਨਾਲ ਪੂਰਾ ਦੇਸ਼ ਪ੍ਰੀਤੀ ਦੇ ਗੱਲਾਂ ਦੇ ਡਿੰਪਲ ਦਾ ਦੀਵਾਨਾ ਹੈ। ਅੱਜ ਯਾਨਿ 31 ਜਨਵਰੀ ਨੂੰ ਪ੍ਰੀਤੀ ਜ਼ਿੰਟਾ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ। ਦੱਸ ਦਈਏ ਕਿ ਪ੍ਰੀਤੀ ਦਾ ਜਨਮ 31 ਜਨਵਰੀ 1975 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਲਿਖਾਈ ਸ਼ਿਮਲਾ ਤੋਂ ਕੀਤੀ ਹੈ।
ਇਹ ਵੀ ਪੜ੍ਹੋ: ਪ੍ਰਿਯੰਕਾ ਚੋਪੜਾ ਨੇ ਪਹਿਲੀ ਵਾਰ ਦਿਖਾਇਆ ਧੀ ਮਾਲਤੀ ਦਾ ਚਿਹਰਾ, ਦੇਖੋ ਮਾਲਤੀ ਦੀਆਂ ਕਿਊਟ ਤਸਵੀਰਾਂ
ਪ੍ਰੀਤੀ ਜ਼ਿੰਟਾ ਜਿੰਨੀਂ ਦਮਦਾਰ ਅਦਾਕਾਰਾ ਹੈ, ਉਨ੍ਹਾਂ ਹੀ ਉਹ ਆਪਣੀ ਬੇਬਾਕੀ ਤੇ ਬਹਾਦਰੀ ਲਈ ਵੀ ਜਾਣੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਪ੍ਰੀਤੀ ਨਾਲ ਜੁੜਿਆ ਇੱਕ ਅਜਿਹਾ ਹੀ ਦਿਲਚਸਪ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੇ ਪੂਰੀ ਬਾਲੀਵੁੱਡ ਇੰਡਸਟਰੀ ਦੀਆਂ ਜੜਾਂ ਹਿਲਾ ਦਿੱਤੀਆਂ ਸੀ। ਇਸ ਕਿੱਸੇ ਤੋਂ ਬਾਅਦ ਪ੍ਰੀਤੀ ਦੀ ਬਹਾਦਰੀ ਮਿਸਾਲ ਬਣੀ।
ਇਹ ਕਿੱਸਾ ਫਿਲਮ 'ਚੋਰੀ ਚੋਰੀ ਚੁਪਕੇ ਚੁਪਕੇ' ਦੇ ਸਮੇਂ ਦਾ ਹੈ। ਉਸ ਸਮੇਂ ਪ੍ਰੀਤੀ ਨੇ ਅਦਾਲਤ 'ਚ ਅੰਡਰਵਰਲਡ ਡੌਨ ਖਿਲਾਫ ਗਵਾਹੀ ਦਿੱਤੀ ਸੀ। ਇਸ ਫਿਲਮ ਵਿੱਚ ਸਲਮਾਨ ਖਾਨ, ਰਾਣੀ ਮੁਖਰਜੀ ਨੇ ਅਭਿਨੈ ਕੀਤਾ ਸੀ ਅਤੇ ਇਸ ਦਾ ਨਿਰਦੇਸ਼ਨ ਅੱਬਾਸ-ਮਸਤਾਨ ਨੇ ਕੀਤਾ ਸੀ। ਕਾਗਜ਼ਾਂ 'ਤੇ ਇਹ ਫਿਲਮ ਹੀਰਾ ਵਪਾਰੀ ਭਰਤ ਸ਼ਾਹ ਅਤੇ ਨਾਜ਼ਿਮ ਰਿਜ਼ਵੀ ਦੁਆਰਾ ਬਣਾਈ ਗਈ ਸੀ, ਪਰ ਅਸਲ ਵਿੱਚ ਫਿਲਮ 'ਚ ਖਤਰਨਾਕ ਡੌਨ ਛੋਟਾ ਸ਼ਕੀਲ ਦੇ ਪੈਸੇ ਲੱਗੇ ਸੀ।
ਜਿੱਥੇ ਫਿਲਮ ਇੰਡਸਟਰੀ ਦੇ ਵੱਡੇ-ਵੱਡੇ ਕਲਾਕਾਰ ਅੰਡਰਵਰਲਡ ਦੇ ਖਿਲਾਫ ਆਪਣੀ ਜ਼ੁਬਾਨ ਵੀ ਨਹੀਂ ਖੋਲ੍ਹਦੇ, ਉਸ ਸਮੇਂ ਪ੍ਰੀਤੀ ਨੇ ਕੋਰਟ 'ਚ ਜਾ ਕੇ ਡੌਨ ਛੋਟਾ ਸ਼ਕੀਲ ਖਿਲਾਫ ਗਵਾਹੀ ਦਿੱਤੀ ਸੀ। ਦਰਅਸਲ ਪ੍ਰੀਤੀ ਨੂੰ ਲਗਾਤਾਰ ਧਮਕੀ ਭਰੇ ਫੋਨ ਆ ਰਹੇ ਸਨ, ਜਿਸ ਕਾਰਨ ਉਹ ਕੋਰਟ ਪਹੁੰਚੀ। ਅੰਡਰਵਰਲਡ ਨਾਲ ਸਬੰਧਤ ਮਾਮਲਾ ਹੋਣ ਕਾਰਨ ਪ੍ਰੀਤੀ ਦੇ ਬਿਆਨ ਵੀਡਿਓਗ੍ਰਾਫੀ ਰਾਹੀਂ ਦਰਜ ਕੀਤੇ ਗਏ ਸਨ। ਬਿਆਨ ਦੇ ਆਧਾਰ 'ਤੇ ਭਰਤ ਸ਼ਾਹ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਨਿਰਮਾਤਾ ਨਾਜ਼ਿਮ ਰਿਜ਼ਵੀ ਨੂੰ ਵੀ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ।
ਇਸ ਬਾਰੇ ਗੱਲ ਕਰਦੇ ਹੋਏ ਅਭਿਨੇਤਰੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਬਹੁਤ ਡਰੀ ਹੋਈ ਸੀ ਅਤੇ ਪਰੇਸ਼ਾਨ ਸੀ ਫਿਰ ਮੈਂ ਫਿਲਮ ਦੇ ਨਿਰਮਾਤਾ ਨਾਜ਼ਿਮ ਰਿਜ਼ਵੀ ਨੂੰ ਮਿਲੀ। ਉਸਨੇ ਮੈਨੂੰ ਦੱਸਿਆ ਕਿ ਸਭ ਠੀਕ ਹੋ ਜਾਵੇਗਾ ਅਤੇ ਮੈਨੂੰ ਆਪਣਾ ਫੋਨ ਨੰਬਰ ਦਿੱਤਾ ਅਤੇ ਮੈਨੂੰ ਕਿਹਾ ਕਿ ਜੇਕਰ ਮੈਨੂੰ ਕੋਈ ਹੋਰ ਸਮੱਸਿਆ ਹੈ ਤਾਂ ਉਸਨੂੰ ਕਾਲ ਕਰੋ। ਪ੍ਰੀਤੀ ਦੀ ਇਸ ਗਵਾਹੀ ਨਾਲ ਪੂਰੀ ਫਿਲਮ ਇੰਡਸਟਰੀ ਅੰਦਰ ਤੱਕ ਹਿੱਲ ਗਈ ਸੀ। ਇੰਡਸਟਰੀ ਦੇ ਕਈ ਲੋਕ ਇਸ 'ਤੇ ਬੋਲਣ ਤੋਂ ਡਰਦੇ ਸੀ, ਪਰ ਕਈ ਕਲਾਕਾਰਾਂ ਨੇ ਖੁੱਲ੍ਹ ਕੇ ਪ੍ਰੀਤੀ ਦਾ ਸਮਰਥਨ ਕੀਤਾ ਸੀ ਅਤੇ ਉਨ੍ਹਾਂ ਦੀ ਬੇਬਾਕੀ ਦੀ ਤਾਰੀਫ ਕੀਤੀ ਸੀ।