Punjab budget 2022-23: ਪੰਜਾਬ ਵਿਧਾਨ ਸਭਾ ਸੈਸ਼ਨ ਦਾ ਆਗ਼ਾਜ਼ ਹੋ ਚੁੱਕਿਆ ਹੈ। ਸੈਸ਼ਨ ਅੱਜ ਯਾਨਿ 24 ਜੂਨ ਸਵੇਰੇ 11 ਵਜੇ ਤੋਂ ਸ਼ੁਰੂ ਹੋਇਆ। ਇਸ ਦੌਰਾਨ ਵਿਧਾਨ ਸਭਾ `ਚ ਵਿਛੜੀ ਰੂਹਾਂ ਨੂੰ ਸ਼ਰਧਾਂਜਲੀ ਦਿਤੀ ਗਈ। ਜਿਸ ਵਿੱਚ ਸਿੱਧੂ ਮੂਸੇਵਾਲਾ ਦਾ ਨਾਂ ਵੀ ਸ਼ਾਮਲ ਹੈ।


ਦਸ ਦਈਏ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਸਿੱਧੂ ਮੂਸੇਵਾਲਾ ਸਮੇਤ 11 ਹੋਰ ਮਰਹੂਮ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿਤੀ। ਇਸ ਦੌਰਾਨ ਵਿਛੜੀ ਰੂਹਾਂ ਦੀ ਆਤਮਾ ਦੀ ਸ਼ਾਂਤੀ ਲਈ 2 ਮਿੰਟਾਂ ਦਾ ਮੌਨ ਵੀ ਧਾਰਿਆ ਗਿਆ। 


ਇਸ ਦੌਰਾਨ ਸਪੀਕਰ ਸੰਧਵਾਂ ਨੇ ਮੂਸੇਵਾਲਾ ਦੀ ਜ਼ਿੰਦਗੀ ਬਾਰੇ ਵੀ ਕੁੱਝ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਟਿੱਬਿਆਂ ਦੇ ਪੁੱਤ ਵਜੋਂ ਵੀ ਜਾਣਿਆ ਜਾਂਦਾ ਹੈ।


ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ `ਚ ਦਿਨ ਦਹਾੜੇ ਗੋਲੀਆਂ ਮਾਰ ਕਤਲ ਕਰ ਦਿਤਾ ਗਿਆ ਸੀ। ਉਨ੍ਹਾਂ ਦੇ ਮਰਨ ਉਪਰਾਂਤ ਉਨ੍ਹਾਂ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਗੀਤ ਐਸਵਾਈਐਲ ਰਿਲੀਜ਼ ਹੋਇਆ, ਜਿਸ ਨੇ ਰਿਲੀਜ਼ ਹੁੰਦਿਆਂ ਹੀ ਕਈ ਰਿਕਾਰਡ ਤੋੜ ਦਿਤੇ।  


ਗੈਂਗਸਟਰ ਪਿਛਲੀਆਂ ਸਰਕਾਰਾਂ ਨੇ ਬਣਾਏ, ਅਸੀਂ ਬੀਜੇ ਕੰਢੇ ਚੁੱਗ ਰਹੇ: ਅਮਨ ਅਰੋੜਾ 


ਪੰਜਾਬ ਵਿਧਾਨ ਸਭਾ ਵਿੱਚ ਅੱਜ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰਾਂ ਵਿੱਚ ਤਿੱਖੀ ਨੋਕ-ਝੋਕ ਹੋਈ। ਵਿਰੋਧੀ ਧਿਰਾਂ ਨੇ ਅਮਨ-ਕਾਨੂੰਨ ਦੀ ਹਾਲਤ ਬਾਰੇ ਸਵਾਲ ਉਠਾਉਂਦਿਆਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਉਭਾਰਿਆ।


ਇਸ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਗੈਂਗਸਟਰ ਪਿਛਲੀਆਂ ਸਰਕਾਰਾਂ ਨੇ ਬਣਾਏ ਹਨ। ਇਹ ਸਾਡੀ ਸਰਕਾਰ ਨੇ ਨਹੀਂ ਪੈਦਾ ਕੀਤੇ। ਅਸੀਂ ਪੁਰਾਣੀਆਂ ਸਰਕਾਰਾਂ ਵੱਲੋਂ ਬੀਜੇ ਕੰਢੇ ਚੁੱਗਣ ਦਾ ਕੰਮ ਕਰ ਰਹੇ ਹਾਂ।


ਇਸ ਦੇ ਜਵਾਬ ਵਿੱਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਤੁਸੀਂ ਸਿੱਧੂ ਮੂਸੇਵਾਲਾ ਨੂੰ 10 ਸੁਰੱਖਿਆ ਗਾਰਡ ਦਿੱਤੇ ਸਨ ਪਰ ਤੁਹਾਡੀ ਸਰਕਾਰ ਨੇ ਗਾਰਡ ਵਾਪਸ ਲੈ ਲਏ। ਇਸ ਮਗਰੋਂ ਇਹ ਜਨਤਕ ਤੌਰ 'ਤੇ ਦੱਸਿਆ ਗਿਆ ਜਿਸ ਕਾਰਨ ਸਿੱਧੂ ਮੂਸੇਵਾਲਾ ਦੀ ਮੌਤ ਹੋਈ। 


ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਕਾਂਗਰਸ ਨੇ ਗੈਂਗਸਟਰ ਬਣਾਏ ਤਾਂ ਤੁਹਾਡੀ ਸਰਕਾਰ ਸਾਰੇ ਗੈਂਗਸਟਰਾਂ ਨੂੰ ਮਾਰ ਕੇ ਦੱਸ ਦੇਵੇ ਕਿ ਪੰਜਾਬ ਨੂੰ ਕੋਈ ਖ਼ਤਰਾ ਨਹੀਂ।