Wamiqa Gabbi On India Canada Tension: ਵਾਮਿਕਾ ਗੱਬੀ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਵਾਮਿਕਾ ਗੱਬੀ ਨੇ ਬਾਲੀਵੁੱਡ ਤੋਂ ਲੈ ਕੇ ਸਾਊਥ ਸਿਨੇਮਾ ਤੱਕ ਵੱਡਾ ਨਾਮ ਬਣਾਇਆ ਹੈ। ਇਹੀ ਨਹੀਂ ਉਹ ਪੰਜਾਬੀ ਸਿਨੇਮਾ 'ਚ ਵੀ ਉੱਭਰਦਾ ਹੋਇਆ ਸਿਤਾਰਾ ਹੈ।
ਇੰਨੀਂ ਦਿਨੀਂ ਵਾਮਿਕਾ ਗੱਬੀ ਆਪਣੀ ਆਪਣੀ ਵੈੱਬ ਸੀਰੀਜ਼ 'ਚਾਰਲੀ ਚੋਪੜਾ ਦ ਮਿਸਟਰੀ ਆਫ ਸੋਲਾਂਗ ਵੈਲੀ' ਦੀ ਪ੍ਰਮੋਸ਼ਨ 'ਚ ਬਿਜ਼ੀ ਹੈ। ਇਸ ਦੌਰਾਨ ਉਸ ਨੇ ਹਿੰਦੀ ਅਖਬਾਰ ਅਮਰ ਉਜਾਲਾ ਨਾਲ ਗੱਲਬਾਤ ਕੀਤੀ। ਉਸ ਨੇ ਇੰਟਰਵਿਊ ਦੌਰਾਨ ਭਾਰਤ-ਕੈਨੇਡਾ ਵਿਚਾਲੇ ਤਣਾਅ 'ਤੇ ਵੀ ਖੁੱਲ੍ਹ ਕੇ ਗੱਲ ਕੀਤੀ। ਵਾਮਿਕਾ ਨੇ ਕਿਹਾ ਕਿ ਇਹ ਸਾਰੀ ਲੜਾਈ ਸਿਰਫ ਪਾਵਰ ਤੇ ਸਿਆਸਤ ਦੀ ਹੈ। ਹੋਰ ਕੁੱਝ ਨਹੀਂ। ਉਹ ਸਿਆਸਤ 'ਚ ਯਕੀਨ ਨਹੀਂ ਕਰਦੀ। ਉਹ ਪਿਆਰ 'ਚ ਵਿਸ਼ਵਾਸ ਕਰਦੀ ਹੈ।
ਵਾਮਿਕਾ ਨੇ ਅੱਗੇ ਕਿਹਾ ਕਿ ਜੋ ਪਿਆਰ ਕਰ ਸਕਦਾ ਹੈ, ਉਹ ਨਫਰਤ ਨਹੀਂ ਕਰ ਸਕਦੀ। ਵਾਮਿਕਾ ਨੇ ਕਿਹਾ ਕਿ 'ਮੈਂ ਕਲਾਕਾਰ ਹਾਂ। ਅਸੀਂ ਜਿੰਨਾਂ ਵੀ ਕੰਮ ਕਰਦੇ ਹਾਂ, ਕਿਤੇ ਨਾ ਕਿਤੇ ਗੱਲ ਇੱਕ ਜਗ੍ਹਾ ;ਤੇ ਆ ਕੇ ਠਹਿਰ ਜਾਂਦੀ ਹੈ ਤੇ ਉਹ ਹੈ ਪਿਆਰ। ਭਾਵੇਂ ਆਦਮੀ ਔਰਤ ਦੀ ਕਹਾਣੀ ਹੋਵੇ, ਜਾਂ ਮਾਂ ਬਾਪ ਦੀ, ਜਾਂ ਫਿਰ ਸੱਸ ਨੂੰਹ ਦੀ। ਸਭ ਦੇ ਵਿੱਚ ਇੱਕੋ ਗੱਲ ਹੁੰਦੀ ਹੈ। ਉਹ ਹੈ ਪਿਆਰ'। ਭਾਰਤ ਤੇ ਕੈਨੇਡਾ ਵਿਚਾਲੇ ਵੀ ਇਹੀ ਹੋ ਰਿਹਾ ਹੈ। ਇਹ ਸਭ ਸਿਆਸੀ ਗੱਲਾਂ ਹਨ। ਮੈਂ ਸਿਆਸਤ 'ਚ ਵਿਸ਼ਵਾਸ ਨਹੀਂ ਕਰਦੀ।'
ਅਭਿਨੇਤਰੀ ਨੇ ਅੱਗੇ ਕਿਹਾ ਕਿ ਮੈਨੂੰ ਬਹੁਤ ਬੁਰਾ ਲੱਗਦਾ ਹੈ ਇਹ ਸੁਣ ਕੇ ਜਦੋਂ ਕਿਸੇ ਦਾ ਘਰ ਖੋਹ ਲਿਆ ਜਾਂਦਾ ਹੈ। ਜਾਨਵਰਾਂ ਵਾਂਗ ਸਲੂਕ ਕੀਤਾ ਜਾਂਦਾ ਹੈ ਤੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਇੱਥੋਂ ਜਾਓ। ਇਹ ਸਾਰੀਆਂ ਗੱਲਾਂ ਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ। ਇਨਸਾਨ ਨੂੰ ਪਿਆਰ 'ਚ ਯਕੀਨ ਹੋਣਾ ਚਾਹੀਦਾ ਹੈ। ਹਰ ਸਮੱਸਿਆ ਦਾ ਹੱਲ ਸਿਰਫ ਪਿਆਰ ਹੈ। ਭਾਰਤ ਤੇ ਕੈਨੇਡਾ ਦੀ ਸਮੱਸਿਆ ਬਾਰੇ ਮੈਂ ਕੁੱਝ ਜ਼ਿਆਦਾ ਨਹੀਂ ਬੋਲ ਸਕਦੀ। ਪੂਰੀ ਦੁਨੀਆ ਦੀ ਸਿਰਫ ਇੱਕੋ ਸਮੱਸਿਆ ਹੈ ਕਿ ਪਿਆਰ ਖਤਮ ਹੁੰਦਾ ਜਾ ਰਿਹਾ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਕੈਨੇਡਾ ਸਰਕਾਰ ਨੇ ਕੈਨੇਡਾ ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਭੂਮਿਕਾ ਦਾ ਦੋਸ਼ ਲਾਉਂਦਿਆਂ ਇੱਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ। ਅਤੇ ਜਵਾਬ ਵਿੱਚ, ਭਾਰਤ ਸਰਕਾਰ ਨੇ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿੱਤਾ। ਉਦੋਂ ਤੋਂ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।