ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਕਿ ਹੁਣ ਇੱਕ ਹੋਰ ਮਸ਼ਹੂਰ ਗਾਇਕ ਅਲਫ਼ਾਜ਼ 'ਤੇ ਜਾਨਲੇਵਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਨਹੀਂ ਸਗੋਂ ਹਾਦਸਾ ਸੀ। ਦੱਸਿਆ ਜਾ ਰਿਹਾ ਹੈ ਕਿ ਅਲਫਾਜ਼ ਨੂੰ ਮੋਹਾਲੀ ਦੇ ਇੱਕ ਰੈਸਟੋਰੈਂਟ 'ਚ ਮਾਮੂਲੀ ਤਕਰਾਰ ਤੋਂ ਬਾਅਦ ਟੈਂਪੂ ਨਾਲ ਟੱਕਰ ਮਾਰੀ ਗਈ। ਅਲਫਾਜ਼ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਫ਼ਿਲਹਾਲ ਅਲਫਾਜ਼ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ।









ਦੱਸ ਦਈਏ ਕਿ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕਰਕੇ ਅਲਫਾਜ਼ ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਸੀ। ਹਨੀ ਸਿੰਘ ਵੱਲੋਂ ਪੋਸਟ ਕੀਤੀ ਗਈ ਤਸਵੀਰ 'ਚ ਅਲਫ਼ਾਜ਼ ਹਸਪਤਾਲ ਦੇ ਬੈੱਡ 'ਤੇ ਬੇਹੋਸ਼ੀ ਦੀ ਹਾਲਤ 'ਚ ਨਜ਼ਰ ਆ ਰਿਹਾ ਹੈ। ਉਸ ਦੇ ਸਰੀਰ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ। ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਹਨੀ ਸਿੰਘ ਨੇ ਇਸ ਤਸਵੀਰ ਨਾਲ ਲਿਖਿਆ ਕਿ ''ਇਸ ਹਮਲੇ ਪਿੱਛੇ ਜੋ ਵੀ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।''


ਇਸ ਬਾਰੇ ਮੁਹਾਲੀ ਦੇ ਐਸਪੀ ਏਐਸ ਔਲਖ ਨੇ ਦੱਸਿਆ ਕਿ ਸਿੰਗਰ ਅਲਫਾਜ ਤੇ ਉਨ੍ਹਾਂ ਦੇ ਤਿੰਨ ਸਾਥੀ ਪਾਲ ਢਾਬਾ ਬਨੂੜ-ਲਾਂਡਰਾ ਰੋਡ 'ਤੇ ਡਿਨਰ ਕਰਨ ਗਏ ਸੀ। ਉਸ ਵੇਲੇ ਰਾਤ 12.30 ਵਜੇ ਦਾ ਸਮਾਂ ਸੀ। ਢਾਬਾ ਮਾਲਕ ਦੀ ਆਪਣੇ ਕਰਿੰਦੇ ਨਾਲ ਬਹਿਸ ਚੱਲ ਰਹੀ ਸੀ। ਅਲਫਾਜ਼ ਨੇ ਢਾਬਾ ਮਾਲਕ ਨੂੰ ਕਰਮਚਾਰੀ ਦੇ ਪੈਸੇ ਦੇਣ ਲਈ ਕਿਹਾ ਸੀ।


ਢਾਬਾ ਦਾ ਕਰਮਚਾਰੀ ਵਿੱਕੀ ਟਾਟਾ ਐਸ ਲੈ ਕੇ ਜਾ ਰਿਹਾ ਸੀ ਤਾਂ ਹੈੱਡਲਾਈਟ ਨਾ ਚੱਲਦੀ ਹੋਣ ਕਰਕੇ ਰਾਤ ਦੇ ਹਨ੍ਹੇਰੇ ਵਿੱਚ ਅਲਫਾਜ ਨਾਲ ਟੱਕਰ ਹੋ ਗਈ। ਇਸ ਦੌਰਾਨ ਅਲਫਾਜ ਨੂੰ ਕਾਫੀ ਸੱਟਾਂ ਲੱਗੀਆਂ। ਅਲਫਾਜ ਫੋਰਟਿਸ ਅਸਪਤਾਲ ਵਿੱਚ ਦਾਖਲ ਹੈ ਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।