ਸਿੱਧੂ ਮੂਸੇਵਾਲਾ ਦੀ ਮੌਤ ਨੂੰ 2 ਹਫ਼ਤੇ ਹੋ ਚੁੱਕੇ ਹਨ, ਪਰ ਉਨ੍ਹਾਂ ਦੇ ਗੀਤਾਂ ਦਾ ਜਾਦੂ ਹਾਲੇ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਸਿੱਧੂ ਦੇ ਕਈ ਗੀਤ ਉਨ੍ਹਾਂ ਦੇ ਮਰਨ ਤੋਂ ਬਾਅਦ ਹਾਲੇ ਤੱਕ ਟਰੈਂਡਿੰਗ ਵਿੱਚ ਹਨ। ਹੁਣ ਮੂਸੇਵਾਲਾ ਦੇ ਗਾਏ ਗੀਤ 295 ਨੂੰ ਬਿਲਬੋਰਡ ਗਲੋਬਲ 200 ਚਾਰਟ `ਚ ਜਗ੍ਹਾ ਮਿਲੀ ਹੈ। ਇਹੀ ਨਹੀਂ ਉਨ੍ਹਾਂ ਦਾ ਇਹ ਗੀਤ ਯੂਟਿਊਬ ਦੇ ਟੌਪ 3 ਗੀਤਾਂ ਵਿੱਚ ਸ਼ੁਮਾਰ ਹੈ। ਇੱਥੋਂ ਹੀ ਮੂਸੇਵਾਲਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 


ਦਸ ਦਈਏ ਕਿ ਸ਼ੁੱਕਰਵਾਰ ਨੂੰ 295 ਗੀਤ ਬਿਲਬੋਰਡ ਗਲੋਬਲ 200 ਚਾਰਟ `ਚ 154ਵੇਂ ਸਥਾਨ `ਤੇ ਆ ਗਿਆ। ਇਸ ਦੇ ਨਾਲ ਹੀ ਇਸ ਗੀਤ ਦੀ ਪ੍ਰਸਿੱਧੀ ਯੂਟਿਊਬ `ਤੇ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਤੱਕ ਯੂਟਿਊਬ `ਤੇ ਇਸ ਗੀਤ ਨੂੰ 20 ਕਰੋੜ ਤੋਂ ਵੀ ਜ਼ਿਆਦਾ ਵਾਰੀ ਦੇਖਿਆ ਜਾ ਚੁੱਕਿਆ ਹੈ।



 


ਅਮਰੀਕਨ ਪੌਪ ਸਿੰਗਰ ਡ੍ਰੇਕ ਆਪਣੇ ਰੇਡੀਓ ਸ਼ੋਅ `ਚ ਪਲੇਅ ਕਰ ਚੁੱਕੇ ਹਨ 295
ਦਸ ਦਈਏ ਕਿ ਬੀਤੇ ਦਿਨੀਂ ਅਮਰੀਕਨ ਪੌਪ ਸਿੰਗਰ ਡ੍ਰੇਕ ਨੇ ਵੀ ਆਪਣੇ ਲਾਈਵ ਰੇਡੀਓ ਸ਼ੋਅ ਵਿੱਚ ਸਿੱਧੂ ਮੂਸੇਵਾਲਾ ਦਾ ਗੀਤ 295 ਚਲਾਇਆ ਸੀ। ਜਿਸ ਤੋਂ ਬਾਅਦ ਇਸ ਗੀਤ ਦੇ ਵਿਊਜ਼ ਵਿੱਚ ਵਾਧਾ ਹੋ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਡ੍ਰੇਕ ਤੇ ਸਿੱਧੂ ਮੂਸੇਵਾਲਾ ਇੱਕ ਦੂਜੇ ਨੂੰ ਇੰਸਟਾਗ੍ਰਾਮ `ਤੇ ਫ਼ਾਲੋ ਕਰਦੇ ਸਨ। ਇਸ ਦੇ ਨਾਲ ਹੀ ਇਹ ਵੀ ਖ਼ਬਰਾਂ ਮੀਡੀਆ ਵਿੱਚ ਆਈਆਂ ਸਨ ਕਿ ਦੋਵੇਂ ਇਕੱਠੇ ਕੋਲੈਬ ਕਰ ਸਕਦੇ ਹਨ।


ਕਾਬਿਲੇਗ਼ੌਰ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਮਾਨਸਾ ;`ਚ ਗੋਲੀਆਂ ਮਾਰ ਕਤਲ ਕਰ ਦਿਤਾ ਗਿਆ ਸੀ। ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੇ ਕਈ ਗੀਤਾਂ ਦੀ ਪ੍ਰਸਿੱਧੀ ਵਧੀ। ਇਨ੍ਹਾਂ ਗੀਤਾਂ ਵਿੱਚ 295, ਦ ਲਾਸਟ ਰਾਈਡ ਵਰਗੇ ਗੀਤ ਸ਼ਾਮਲ ਹਨ।