Babbu Maan Social Media Post: ਭਾਰਤ ਦੇਸ਼ ਵਿੱਚ ਅੱਜ ਯਾਨਿ 24 ਅਕਤੂਬਰ ਨੂੰ ਦੀਵਾਲੀ ਦਾ ਤਿਓਹਾਰ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਕਲਾਕਾਰ ਆਪੋ ਆਪਣੇ ਅੰਦਾਜ਼ ਵਿੱਚ ਫ਼ੈਨਜ਼ ਨੂੰ ਦੀਵਾਲੀ ਦੀਆਂ ਮੁਬਾਰਕਾਂ ਦੇ ਰਹੇ ਹਨ।
ਇਸ ਮੌਕੇ ਪੰਜਾਬ ਦੀ ਇੱਕ ਸ਼ਖਸੀਅਤ ਅਜਿਹੀ ਵੀ ਹੈ, ਜਿਸ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕਰ ਦਿਤਾ ਹੈ। ਉਹ ਸ਼ਖਸੀਅਤ ਹੈ ਪੰਜਾਬੀ ਸਿੰਗਰ ਬੱਬੂ ਮਾਨ। ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੋਸਟ `ਚ ਲਿਖਿਆ, "ਵਿਛੜੇ ਗੱਭਰੂਆਂ ਦਾ ਅਫ਼ਸੋਸ ਐ, ਬੰਦੀ ਸਿੰਘ ਰਿਹਾਅ ਨੀ ਹੋਏ ਰੋਸ ਐ। ਲਿਖਤਾਂ ਨਾਲ ਤੋੜਾ ਲਾਵਾਂਗੇ। ਐਤਕੀਂ ਦੀਵਾਲੀ ਕਾਲੀ ਮਨਾਵਾਂਗੇ। ਬੇਈਮਾਨ।"
ਦਸ ਦਈਏ ਕਿ ਬੱਬੂ ਮਾਨ ਹਮੇਸ਼ਾ ਹੀ ਪੰਜਾਬ ਦੇ ਹਰ ਮੁੱਦੇ ਤੇ ਬੇਬਾਕੀ ਨਾਲ ਆਪਣੀ ਰਾਏ ਰੱਖਦੇ ਹਨ। ਇਸ ਦੇ ਨਾਲ ਨਾਲ ਉਹ ਸਮੇਂ ਸਮੇਂ ਤੇ ਸਰਕਾਰ ਖਿਲਾਫ਼ ਬੋਲਣ ਤੋਂ ਗੁਰੇਜ਼ ਨਹੀਂ ਕਰਦੇ। ਇਸ ਤੋਂ ਇਲਾਵਾ ਮਾਨ ਕਿਸਾਨ ਮਜ਼ਦੂਰ ਏਕਤਾ ਦਾ ਵੀ ਖੁੱਲ੍ਹ ਕੇ ਸਮਰਥਨ ਕਰਦੇ ਹਨ। ਦਸ ਦਈਏ ਕਿ ਹਾਲ ਹੀ `ਚ ਬੱਬੂ ਮਾਨ ਆਪਣੇ ਗੀਤ `ਕੱਲਮ ਕੱਲਾ` ਨੂੰ ਲੈਕੇ ਲਾਈਮਲਾਈਟ `ਚ ਸਨ। ਉਨ੍ਹਾਂ ਨੇ ਇਸ ਗੀਤ ਨੂੰ ਹਾਲ ਹੀ ਰਿਲੀਜ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੀਤ ਉਨ੍ਹਾਂ ਨੇ ਗਾਇਕੀ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ 1990 `ਚ ਲਿਖਿਆ ਸੀ, ਪਰ 32 ਸਾਲਾਂ ਬਾਅਦ 2022 `ਚ ਰਿਲੀਜ਼ ਕਰ ਪਾਏ ਹਨ।