G Khan Success Story: ਪੰਜਾਬੀ ਸਿੰਗਰ ਜੀ ਖਾਨ ਦੇ ਨਾਂ ਤੋਂ ਤੁਸੀਂ ਸਾਰੇ ਹੀ ਵਾਕਿਫ ਹੋ। ਜੀ ਖਾਨ ਦੀ ਗਿਣਤੀ ਟੌਪ ਦੇ ਪੰਜਾਬੀ ਸਿੰਗਰਾਂ 'ਚ ਹੁੰਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਜੀ ਖਾਨ ਨੇ ਇਹ ਮੁਕਾਮ ਹਾਸਲ ਕਰਨ ਲਈ ਜੀਤੋੜ ਮੇਹਨਤ ਕੀਤੀ ਹੈ। ਤਾਂ ਆਓ ਤੁਹਾਨੂੰ ਰੂ-ਬ-ਰੂ ਕਰਵਾਉਂਦੇ ਹਾਂ ਜੀ ਖਾਨ ਦੀ ਜ਼ਿੰਦਗੀ ਦੇ ਸਫਰ ਤੋਂ:


ਜੀ ਖਾਨ ਉਰਫ ਗੁਲਸ਼ਨ ਖਾਨ ਦਾ ਜਨਮ 8 ਅਪ੍ਰੈਲ਼ ਨੂੰ ਹੋਇਆ ਸੀ। ਉਸ ਦਾ ਜਨਮ ਬਰਨਾਲਾ ਦੇ ਪਿੰਡ ਭਦੌੜ ਵਿਖੇ ਹੋਇਆ ਸੀ। ਜੀ ਖਾਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਚਪਨ ਤੋਂ ਹੀ ਕਾਫੀ ਸ਼ਰਾਰਤੀ ਸੀ। ਇਸ ਦੇ ਨਾਲ ਨਾਲ ਜੀ ਖਾਨ ਨੂੰ ਪੜ੍ਹਾਈ 'ਚ ਵੀ ਕੋਈ ਦਿਲਚਸਪੀ ਨਹੀਂ ਸੀ। ਇਸੇ ਕਰਕੇ ਖਾਨ ਨੂੰ ਆਪਣੀ ਮਾਂ ਤੋਂ ਕਾਫੀ ਕੁੱਟ ਵੀ ਪੈਂਦੀ ਸੀ।




7ਵੀਂ 'ਚ ਫੇਲ੍ਹ ਹੋਇਆ ਜੀ ਖਾਨ
ਜੀ ਖਾਨ ਦਾ ਪੜ੍ਹਾਈ ;ਚ ਜ਼ਰਾ ਵੀ ਮਨ ਨਹੀਂ ਲੱਗਦਾ ਸੀ। ਉਹ ਜਦੋਂ 7ਵੀਂ 'ਚੋਂ ਫੇਲ੍ਹ ਹੋਇਆ ਤਾਂ ਉਸ ਨੇ ਪੜ੍ਹਾਈ ਛੱਡ ਦਿੱਤੀ। ਇਹ ਉਦੋਂ ਦੀ ਗੱਲ ਹੈ ਜਦੋਂ ਜੀ ਖਾਨ ਦੇ ਪਰਿਵਾਰ ਦੀ ਆਰਥਿਕ ਹਾਲਤ ਕਾਫੀ ਮਾੜੀ ਸੀ। ਇਸੇ ਲਈ ਜੀ ਖਾਨ ਨੂੰ ਪੜ੍ਹਾਈ ਛੱਡਣ ਤੋਂ ਬਾਅਦ ਨੌਕਰੀ ਕਰਨੀ ਪਈ ਸੀ।




ਬੱਸਾਂ ਨੂੰ ਪੇਂਟ ਕਰਦਾ ਸੀ ਜੀ ਖਾਨ, ਦੁਕਾਨ 'ਚ ਲਾਉਂਦਾ ਸੀ ਝਾੜੂ ਪੋਚਾ
ਜੀ ਖਾਨ ਦੇ ਪਿੰਡ 'ਚ ਬੱਸਾਂ ਦੀ ਬੌਡੀ ਬਣਾਉਣ ਵਾਲੀ ਫੈਕਟਰੀ ਸੀ। ਉੱਥੇ ਉਸ ਨੇ ਕੁੱਝ ਸਮਾਂ ਨੌਕਰੀ ਕੀਤੀ। ਜੀ ਖਾਨ ਬੱਸਾਂ ਦੀਆਂ ਬੌਡੀਆਂ 'ਤੇ ਰੰਗ ਕਰਦਾ ਸੀ। ਉਸ ਨੇ ਲਗਭਗ 6 ਮਹੀਨੇ ਤੱਕ ਇਹ ਨੌਕਰੀ ਕੀਤੀ। ਇਸ ਤੋਂ ਬਾਅਦ ਜੀ ਖਾਨ ਨੇ 2 ਸਾਲਾਂ ਤੱਕ ਵੈਲਡਿੰਗ ਦਾ ਕੰਮ ਕੀਤਾ। ਇਸ ਤੋਂ ਬਾਅਦ ਜੀ ਖਾਨ ਕਾਫੀ ਸਮੇਂ ਤੱਕ ਆਪਣੇ ਪਿਤਾ ਨਾਲ ਕਰਿਆਨੇ ਦੀ ਦੁਕਾਨ 'ਤੇ ਕੰਮ ਕਰਦਾ ਰਿਹਾ। ਇਸ ਦੇ ਨਾਲ ਇੱਕ ਹੋਰ ਦੁਕਾਨ 'ਚ ਜੀ ਖਾਨ ਝਾੜੂ ਪੋਚਾ ਵੀ ਲਾਉਂਦਾ ਸੀ।


ਗਾਉਣ ਦਾ ਸ਼ੌਕ
ਜਦੋਂ ਜੀ ਖਾਨ ਕਰਿਆਨੇ ਦੀ ਦੁਕਾਨ 'ਤੇ ਨੌਕਰੀ ਕਰ ਰਿਹਾ ਸੀ। ਉਦੋਂ ਹੀ ਉਸ ਦੇ ਅੰਦਰ ਗਾਉਣ ਦਾ ਸ਼ੌਕ ਜਾਗਿਆ। ਦਰਅਸਲ, ਜੀ ਖਾਨ ਦਾ ਇੱਕ ਦੋਸਤ ਉਸ ਨੂੰ ਆਪਣੇ ਨਾਲ ਕਾਲਜ ਲੈ ਗਿਆ, ਉਥੇ ਕੋਈ ਫੰਕਸ਼ਨ ਚੱਲ ਰਿਹਾ ਸੀ। ਉਸ ਦੇ ਦੋਸਤ ਨੇ ਜੀ ਖਾਨ ਨੂੰ ਕਿਹਾ ਸੀ ਕਿ ਸਾਡੇ ਕਾਲਜ 'ਚ ਫੰਕਸ਼ਨ ਚੱਲ ਰਿਹਾ ਹੈ। ਜੇ ਤੂੰ ਇੱਥੇ ਗਾਣਾ ਗਾਵੇਂ ਤਾਂ ਮੈਨੂੰ ਬਹੁਤ ਚੰਗਾ ਲੱਗੇਗਾ। ਇਸ ਤੋਂ ਬਾਅਦ ਜੀ ਖਾਨ ਨੇ ਸਟੇਜ 'ਤੇ ਇੱਕ ਗੀਤ ਸੁਣਾਇਆ। ਜੀ ਖਾਨ ਦਾ ਗਾਇਆ ਗਾਣਾ ਸਾਰਿਆਂ ਨੂੰ ਕਾਫੀ ਪਸੰਦ ਆਇਆ। ਇਸ ਤੋਂ ਬਾਅਦ ਸਭ ਨੇ ਜੀ ਖਾਨ ਦੇ ਟੈਲੇਂਟ ਦੀ ਕਾਫੀ ਤਾਰੀਫ ਕੀਤੀ। ਇਹੀ ਨਹੀਂ ਕਾਲਜ ਵੱਲੋਂ ਜੀ ਖਾਨ ਨੂੰ ਬੇਹਤਰੀਨ ਗਾਇਕੀ ਦੇ ਲਈ ਪਹਿਲਾ ਇਨਾਮ ਮਿਿਲਆ। ਇਸ ਤੋਂ ਬਾਅਦ ਜੀ ਖਾਨ ਦਾ ਹੌਸਲਾ ਕਾਫੀ ਵਧ ਗਿਆ ਸੀ। ਉਸ ਨੇ ਗਾਇਕੀ ਦੇ ਖੇਤਰ 'ਚ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ ਅਤੇ ਖੂਬ ਮੇਹਨਤ ਕਰਨੀ ਸ਼ੁਰੂ ਕਰ ਦਿੱਤੀ।




ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਕੋਲ ਨੌਕਰੀ
ਜੀ ਖਾਨ ਨੇ ਤਕਰੀਬਨ ਸਾਢੇ 4 ਸਾਲਾਂ ਤੱਕ ਗਾਇਕ ਕੁਲਵਿੰਦਰ ਬਿੱਲਾ ਕੋਲ ਕੰਮ ਕੀਤਾ। ਇੱਥੇ ਉਹ ਕੁਲਵਿੰਦਰ ਬਿੱਲਾ ਦੇ ਗੀਤਾਂ ਦੇ ਕੋਰਸ ਗਾਉਂਦਾ ਹੁੰਦਾ ਸੀ। ਇਸ ਦਰਮਿਆਨ ਜੀ ਖਾਨ ਗਾਇਕ ਖਾਨ ਸਾਬ੍ਹ ਦਾ ਚੰਗਾ ਦੋਸਤ ਬਣਿਆ। ਇੱਥੋਂ ਹੀ ਉਸ ਦੀ ਜ਼ਿੰਦਗੀ ਨੇ ਵੱਡਾ ਮੋੜ ਲੈ ਲਿਆ। 


ਖਾਨ ਸਾਬ੍ਹ ਨੇ ਜੀ ਖਾਨ ਦੀ ਮੁਲਾਕਾਤ ਗੈਰੀ ਸੰਧੂ ਨਾਲ ਕਰਵਾਈ
ਜੀ ਖਾਨ ਦੀ ਖਾਨ ਸਾਬ੍ਹ ਨਾਲ ਚੰਗੀ ਦੋਸਤੀ ਸੀ। ਇੱਕ ਦਿਨ ਖਾਨ ਸਾਬ੍ਹ ਨੇ ਉਸ ਦੀ ਮੁਲਾਕਾਤ ਗਾਇਕ ਗੈਰੀ ਸੰਧੂ ਨਾਲ ਕਰਵਾਈ। ਇਸ ਮੁਲਾਕਾਤ ਦੌਰਾਨ ਜੀ ਖਾਨ ਨੇ ਗੈਰੀ ਸੰਧੂ ਨੂੰ ਆਪਣੇ ਸੁਣਾਏ। ਗੈਰੀ ਸੰਧੂ ਜੀ ਖਾਨ ਦੇ ਗੀਤ ਸੁਣ ਕੇ ਇੰਨਾਂ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਹ ਸਾਰਾ ਦਿਨ ਜੀ ਖਾਨ ਦੇ ਗਾਣੇ ਸੁਣਦਾ ਰਿਹਾ। ਇਸ ਦੌਰਾਨ ਜੀ ਖਾਨ ਨੇ ਗੈਰੀ ਨੂਮ 'ਸੱਜਣਾ' ਗਾਣਾ ਸੁਣਾਇਆ, ਜੋ ਕਿ ਉਸ ਕਰੀਬ 4 ਸਾਲ ਪਹਿਲਾਂ ਲਿਿਖਆ ਸੀ।  ਗੈਰੀ ਸੰਧੂ ਨੂੰ ਇਹ ਗਾਣਾ ਕਾਫੀ ਪਸੰਦ ਆਇਆ। ਗੈਰੀ ਨੇ ਕਿਹਾ ਕਿ ਆਪਾਂ ਇਸ ਗੀਤ ਨੂੰ ਰਿਕਾਰਡ ਕਰਾਂਗੇ। 


ਗੈਰੀ ਸੰਧੂ ਨੇ ਬਦਲੀ ਜੀ ਖਾਨ ਦੀ ਜ਼ਿੰਦਗੀ
ਜਦੋਂ ਗੈਰੀ ਨੇ ਜੀ ਖਾਨ ਨੂੰ ਕਿਹਾ ਕਿ ਉਹ ਉਸ ਤੋਂ ਗਾਣਾ ਰਿਕਾਰਡ ਕਰਾਉਣਾ ਚਾਹੁੰਦਾ ਹੈ ਤਾਂ ਜੀ ਖਾਨ ਨੂੰ ਯਕੀਨ ਨਹੀਂ ਹੋਇਆ। ਪਰ ਜਦੋਂ ਗੈਰੀ ਨੇ ਫੇਸਬੁੱਕ ਨੇ ਐਲਾਨ ਕੀਤਾ ਕਿ ਉਹ ਜੀ ਖਾਨ ਨੂੰ ਲਾਂਚ ਕਰਨ ਜਾ ਰਹੇ ਹਨ, ਤਾਂ ਉਹ ਕਾਫੀ ਖੁਸ਼ ਹੋਇਆ। ਇਸ ਤੋਂ ਬਾਅਦ ਜੀ ਖਾਨ ਦਾ ਖਾਨ ਸਾਬ੍ਹ ਨਾਲ 2016 'ਚ 'ਸੱਜਣਾ' ਗੀਤ ਆਇਆ। ਇਸ ਗਾਣੇ ਨੇ ਜੀ ਖਾਨ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਇਹ ਗਾਣਾ ਸੁਪਰ-ਡੁਪਰ ਹਿੱਟ ਰਿਹਾ। 









ਗੈਰੀ ਸੰਧੂ ਨੂੰ ਰੱਬ ਮੰਨਦਾ ਹੈ ਜੀ ਖਾਨ
ਜੀ ਖਾਨ ਨੇ ਆਪਣੀ ਕਈ ਇੰਟਰਵਿਊਜ਼ 'ਚ ਦੱਸਿਆ ਹੈ ਕਿ ਗੈਰੀ ਸੰਧੂ ਨੇ ਉਸ ਦਾ ਜੀਵਨ ਬਦਲਿਆ ਹੈ। ਗੈਰੀ ਸੰਧੂ ਉਸ ਦੇ ਲਈ ਰੱਬ ਸਮਾਨ ਹੈ। ਇਹੀ ਨਹੀਂ ਜੀ ਖਾਨ ਗੈਰੀ ਦੀ ਇੰਨੀਂ ਜ਼ਿਆਦਾ ਰਿਸਪੈਕਟ ਕਰਦਾ ਹੈ ਕਿ ਉਸ ਨੇ ਆਪਣੀ ਬਾਂਹ ਨੇ ਗੈਰੀ ਦੇ ਨਾਂ ਦਾ ਟੈਟੂ ਵੀ ਬਣਵਾਇਆ ਹੋਇਆ ਹੈ। 






14 ਸਾਲ ਬਾਅਦ ਮਿਿਲਆ ਮੁਕਾਮ
ਜੀ ਖਾਨ ਅੱਜ ਜਿਸ ਮੁਕਾਮ 'ਤੇ ਹੈ, ਉਸ ਮੁਕਾਮ 'ਤੇ ਪਹੁੰਚਣਾ ਉਸ ਦੇ ਲਈ ਅਸਾਨ ਨਹੀਂ ਸੀ। ਰਾਹ 'ਚ ਕਿੰਨੀਆਂ ਰੁਕਾਵਟਾਂ ਸੀ। ਸਭ ਤੋਂ ਵੱਡੀ ਰੁਕਾਵਟ ਸੀ ਗਰੀਬੀ। ਜੀ ਖਾਨ ਆਪਣੇ ਇੰਟਰਵਿਊ 'ਚ ਦੱਸਦਾ ਹੈ ਕਿ ਉਹ ਬਹੁਤ ਜ਼ਿਆਦਾ ਗਰੀਬ ਸੀ। ਉਸ ਦੇ ਕੋਲ ਕਈ ਵਾਰ ਖਾਣ ਤੱਕ ਦੇ ਪੈਸੇ ਨਹੀਂ ਹੁੰਦੇ ਸੀ। ਉਹ ਜ਼ਿੰਦਗੀ ਤੋਂ ਇੰਨਾਂ ਨਿਰਾਸ਼ ਸੀ ਕਿ ਕਈ ਵਾਰ ਉਹ ਆਪਣਾ ਸਿਰ ਵੀ ਕੰਧ 'ਚ ਮਾਰਦਾ ਹੁੰਦਾ ਸੀ। ਪਰ ਫਿਰ ਵੀ ਉਸ ਨੇ ਹਾਰ ਨਹੀਂ ਮੰਨੀ ਤੇ ਅੱਜ ਉਹ ਇੰਡਸਟਰੀ ਦੇ ਟੌਪ ਗਾਇਕਾਂ ਦੀ ਲਿਸਟ ;ਚ ਸ਼ਾਮਲ ਹੈ।