Inderjit Nikku Sonam Bajwa: ਸੋਨਮ ਬਾਜਵਾ ਦਾ ਸ਼ੋਅ ‘ਦਿਲ ਦੀਆਂ ਗੱਲਾਂ 2’ ਖੂਬ ਸੁਰਖੀਆਂ ਬਟੋਰ ਰਿਹਾ ਹੈ। ਹਰ ਦਿਨ ਇੱਥੇ ਖਾਸ ਮਹਿਮਾਨ ਆਉਂਦੇ ਹਨ ਅਤੇ ਆਪਣੇ ਦਿਲ ਦੇ ਰਾਜ਼ ਖੁੱਲ ਕੇ ਬਿਆਨ ਕਰਦੇ ਹਨ। ਐਤਵਾਰ ਨੂੰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਸੋਨਮ ਬਾਜਵਾ ਦੇ ਸ਼ੋਅ ‘ਚ ਮਹਿਮਾਨ ਬਣ ਸ਼ਾਮਲ ਹੋਏ। ਉਨ੍ਹਾਂ ਨੇ ਸ਼ੋਅ ‘ਚ ਆਪਣੀ ਜ਼ਿੰਦਗੀ ਦਾ ਹਰ ਰਾਜ਼ ਖੁੱਲ ਕੇ ਸ਼ੇਅਰ ਕੀਤਾ। ਨਿੱਕੂ ਨੇ ਦੱਸਿਆ ਕਿ ਕਿਵੇਂ ਇੱਕ ਬੇਹੱਦ ਗ਼ਰੀਬ ਪਰਿਵਾਰ ‘ਚੋਂ ਉੱਠਿਆ ਮੁੰਡਾ ਇੰਡਸਟਰੀ ‘ਚ ਸਫ਼ਲ ਗਾਇਕ ਵਜੋਂ ਸਥਾਪਤ ਹੋਇਆ।
ਸ਼ੋਅ ‘ਚ ਆਉਂਦੇ ਹੀ ਦਿਲਜੀਤ ਦੋਸਾਂਝ ਦਾ ਕੀਤਾ ਧੰਨਵਾਦ
ਇੰਦਰਜੀਤ ਨਿੱਕੂ ਦੇ ਸ਼ੋਅ ‘ਚ ਐਂਟਰੀ ਲੈਂਦੇ ਹੀ ਸੋਨਮ ਨੇ ਦਿਲਜੀਤ ਦਾ ਜ਼ਿਕਰ ਕੀਤਾ ਤਾਂ ਇੰਦਰਜੀਤ ਨਿੱਕੂ ਨੇ ਉਨ੍ਹਾਂ ਤੇ ਦਿਲਜੀਤ ਨਾਲ ਜੁੜਿਆ ਇੱਕ ਪੁਰਾਣਾ ਕਿੱਸਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਦਿਲਜੀਤ ਜਦੋਂ ਸਕੂਲ ਪੜ੍ਹਦੇ ਸੀ ਤਾਂ ਉਹ ਨਿੱਕੂ ਦੀ ਨਕਲ ਨਾਲ ਸਕੂਲ ‘ਚ ਪੱਗ ਬੰਨ੍ਹ ਕੇ ਆਉਂਦੇ ਸੀ ਤੇ ਆਪਣੇ ਦੋਸਤਾਂ ਸਾਹਮਣੇ ਗੱਪਾਂ ਮਾਰਦੇ ਹੁੰਦੇ ਸੀ ਕਿ ਉਹ ਨਿੱਕੂ ਦੇ ਤਾਏ ਦੇ ਬੇਟੇ ਹਨ। ਇਸ ਦੇ ਨਾਲ ਹੀ ਇੰਦਰਜੀਤ ਨਿੱਕੂ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਦਾ ਬਾਬੇ ਕੋਲ ਜਾਣ ਦਾ ਵੀਡੀਓ ਵਾਇਰਲ ਹੋਇਆ ਤਾਂ ਜਿਸ ਸ਼ਖਸ ਨੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਫੋਨ ਕੀਤਾ, ਉਹ ਦਿਲਜੀਤ ਹੀ ਸੀ। ਦਿਲਜੀਤ ਨੇ ਨਾ ਸਿਰਫ਼ ਨਿੱਕੂ ਦਾ ਹੌਸਲਾ ਵਧਾਇਆ, ਬਲਕਿ ਨਿੱਕੂ ਨੂੰ ਰਿਕੁਐਸਟ ਵੀ ਕੀਤੀ ਕਿ ਉਹ ਦੋਸਾਂਝ ਦੀ ਅਗਲੀ ਫ਼ਿਲਮ (ਬਾਬੇ ਭੰਗੜਾ ਪਾਉਂਦੇ ਨੇ) ‘ਚ ਗਾਣਾ ਗਾਉਣ। ਇੰਦਰਜੀਤ ਨਿੱਕੂ ਨੇ ਕਿਹਾ ਕਿ ਉਹ ਜ਼ਿੰਦਗੀ ਭਰ ਦਿਲਜੀਤ ਦਾ ਅਹਿਸਾਨ ਨਹੀਂ ਭੁੱਲ ਸਕਦੇ ਕਿ ਉਨ੍ਹਾਂ ਦੀ ਇੱਕ ਕਾਲ ਨਾਲ ਪੂਰੀ ਇੰਡਸਟਰੀ ਉਨ੍ਹਾਂ ਦੇ ਨਾਲ ਖੜੀ ਹੋ ਗਈ।
ਨਿੱਕੂ ਨੇ ਦੱਸੀ ਸੰਘਰਸ਼ ਦੀ ਕਹਾਣੀ
ਇੰਦਰਜੀਤ ਨਿੱਕੂ ਨੇ ਸੋਨਮ ਦੇ ਸ਼ੋਅ ‘ਚ ਆਪਣੇ ਪਰਿਵਾਰ ਤੇ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬੁੱਧ ਸਿੰਘ ਹੀਰੋ ਸਾਇਕਲ ਕੰਪਨੀ ‘ਚ ਮਜ਼ਦੂਰ ਵਜੋਂ ਕੰਮ ਕਰਦੇ ਸੀ। ਉਨ੍ਹਾਂ ਨੂੰ ਮਹੀਨੇ ‘ਚ ਸਿਰਫ਼ 4 ਹਜ਼ਾਰ ਤਨਖਾਹ ਮਿਲਦੀ ਸੀ, ਜੋ ਉਸ ਸਮੇਂ ਬਹੁਤ ਹੀ ਘੱਟ ਸੀ। ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਸੀ। ਇਸ ਦੌਰਾਨ ਨਿੱਕੂ ਦੇ ਪਿਤਾ ਚਾਹੁੰਦੇ ਸੀ ਕਿ ਉਹ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਕਰਨ ਅਤੇ ਆਪਣੇ ਪਰਿਵਾਰ ਦੀ ਗ਼ਰੀਬੀ ਮਿਟਾਉਣ। ਹਾਲਾਂਕਿ ਨਿੱਕੂ ਨੇ ਆਪਣੇ ਪਰਿਵਾਰ ਨੂੰ ਆਪਣੇ ਗਾਇਕੀ ਦੇ ਸੁਪਨੇ ਬਾਰੇ ਦੱਸਿਆ ਸੀ, ਪਰ ਉਨ੍ਹਾਂ ਦੇ ਪਰਿਵਾਰ ‘ਚ ਉਨ੍ਹਾਂ ਦੇ ਗਾਇਕ ਬਣਨ ਦੀ ਗੱਲ ਤੋਂ ਕੋਈ ਸਹਿਮਤ ਨਹੀਂ ਸੀ। ਉਹ ਆਪਣੇ ਕਾਲਜ ਬੰਕ ਕਰਕੇ ਆਪਣੇ ਉਸਤਾਦ ਕੋਲ ਗਾਇਕੀ ਸਿੱਖਣ ਜਾਂਦੇ ਹੁੰਦੇ ਸੀ। ਉਨ੍ਹਾਂ ਨੇ ਗਾਇਕ ਬਣਨ ਲਈ ਕਾਫ਼ੀ ਸੰਘਰਸ਼ ਕੀਤਾ, ਜਿਸ ਵਿੱਚ ਉਨ੍ਹਾਂ ਦੀ ਮਾਂ ਹਰਬੰਸ ਕੌਰ ਨੇ ਉਨ੍ਹਾਂ ਦਾ ਪੂਰਾ ਸਪੋਰਟ ਕੀਤਾ। ਥੋੜ੍ਹੇ ਸਮੇਂ ਦੇ ਸੰਘਰਸ਼ ਤੋਂ ਬਾਅਦ ਆਖਰ ਨਿੱਕੂ ਗਾਇਕ ਬਣ ਗਏ।
ਗਾਇਕ ਬਣ ਮਿਟਾਈ ਪਰਿਵਾਰ ਦੀ ਗ਼ਰੀਬੀ
ਇੰਦਰਜੀਤ ਨਿਕੂ ਨੇ ਦੱਸਿਆ ਕਿ ਉਹ ਸੰਯੁਕਤ ਯਾਨਿ ਜੁਆਇੰਟ ਫੈਮਿਲੀ ‘ਚ ਰਹੇ ਹਨ। ਉਨ੍ਹਾਂ ਦੇ ਪਰਿਵਾਰ ‘ਚ 22 ਮੈਂਬਰ ਸੀ। ਗ਼ਰੀਬ ਹੋਣ ਦੇ ਬਾਵਜੂਦ ਉਨ੍ਹਾਂ ਦੇ ਪਰਿਵਾਰ ‘ਚ ਕਾਫ਼ੀ ਏਕਤਾ ਸੀ। ਜਦੋਂ ਇੰਦਰਜੀਤ ਨਿੱਕੂ ਇੰਡਸਟਰੀ ‘ਚ ਹਿੱਟ ਹੋ ਗਏ ਤਾਂ ਉਨ੍ਹਾਂ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਸੈੱਟ ਕਰਾਇਆ। ਆਪਣੀਆਂ ਭੈਣਾਂ ਦੇ ਵਿਆਹ ਕਰਵਾਏ। ਉਨ੍ਹਾਂ ਨੇ ਆਪਣੇ ਪਰਿਵਾਰ ਬਾਰੇ ਸੋਚਿਆ, ਆਪਣਾ ਘਰ ਬਣਾਇਆ। ਪਰਿਵਾਰਕ ਮੈਂਬਰਾਂ ਦੀ ਹਰ ਜ਼ਰੂਰਤ ਪੂਰੀ ਕੀਤੀ। ਇਸ ਕਰਕੇ ਉਹ ਕਦੇ ਆਪਣੀ ਜ਼ਿੰਦਗੀ ‘ਚ ਪੈਸਾ ਨਹੀਂ ਬਚਾ ਸਕੇ। ਜਿਸ ਕਾਰਨ ਉਨ੍ਹਾਂ ਨੂੰ ਮਾੜੇ ਟਾਈਮ ‘ਚ ਕਾਫ਼ੀ ਔਖ ਝੱਲਣੀ ਪਈ।
ਜ਼ਿੰਦਗੀ ‘ਚ ਆਇਆ ਬੁਰਾ ਦੌਰ
ਨਿੱਕੂ ਨੇ ਦੱਸਿਆ ਕਿ 2009 ‘ਚ ਜਦੋਂ ਉਨ੍ਹਾਂ ਦੀ ਭੈਣ ਦਾ ਵਿਆਹ ਹੋਇਆ ਤਾਂ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਕਾਫ਼ੀ ਤੰਗ ਪਰੇਸ਼ਾਨ ਕਰਦਾ ਸੀ। ਉਸ ਦੀ ਪਰੇਸ਼ਾਨੀ ‘ਚ ਨਿੱਕੂ ਨੇ 2009 ਤੋਂ 2012 ਤੱਕ ਕੋਈ ਗਾਣਾ ਨਹੀਂ ਕੱਢਿਆ। ਉਹ ਆਪਣੀਆਂ ਪਰਿਵਾਰਕ ਸਮੱਸਿਆਵਾਂ ‘ਚ ਇੰਨਾਂ ਉਲਝ ਗਏ ਕਿ ਗਾਇਕੀ ਵੱਲ ਧਿਆਨ ਨਹੀਂ ਦੇ ਸਕੇ। ਬਾਅਦ ਇੰਡਸਟਰੀ ਨੇ ਉਨ੍ਹਾਂ ਨੂੰ ਕੋਈ ਕੰਮ ਨਹੀਂ ਦਿੱਤਾ। ਉਸ ਸਮੇਂ ਉਨ੍ਹਾਂ ਦੀ ਜ਼ਿੰਦਗੀ ਦਾ ਬੁਰਾ ਦੌਰ ਸ਼ੁਰੂ ਹੋ ਰਿਹਾ ਸੀ। ਪਰਿਵਾਰ ਕਰਜ਼ੇ ‘ਚ ਡੁੱਬਦਾ ਜਾ ਰਿਹਾ ਸੀ। ਉਹ ਵਿਆਜ ‘ਤੇ ਪੈਸੇ ਚੁੱਕ-ਚੁੱਕ ਕੇ ਤੇ ਪਤਨੀ ਦੇ ਗਹਿਣੇ ਵੇਚ ਕੇ ਪਰਿਵਾਰਕ ਜ਼ਰੂਰਤਾਂ ਨੂੰ ਕਿਸੇ ਤਰ੍ਹਾਂ ਪੂਰਾ ਕਰ ਰਹੇ ਸੀ।
ਥਾਂ-ਥਾਂ ਧੱਕੇ ਖਾਣ ਤੋਂ ਬਾਅਦ ਵੀ ਨਹੀਂ ਮਿਲਿਆ ਕੰਮ
ਨਿੱਕੂ ਨੇ ਅੱਗੇ ਦੱਸਿਆ ਕਿ 2012 ‘ਚ ਜਦੋਂ ਉਨ੍ਹਾਂ ‘ਤੇ ਬੁਰਾ ਦੌਰ ਆਇਆ ਤਾਂ ਉਨ੍ਹਾਂ ਦੇ ਇੰਡਸਟਰੀ ਦੇ ਦੋਸਤ ਤੇ ਜਾਣ ਪਹਿਚਾਣ ਵਾਲੇ ਪੱਲਾ ਝਾੜਨ ਲੱਗੇ। ਉਨ੍ਹਾਂ ਨੇ ਕਈ ਮਿਊਜ਼ਿਕ ਕੰਪਨੀਆਂ ਤੋਂ ਕੰਮ ਮੰਗਿਆ, ਕਿਸੇ ਨੇ ਉਨ੍ਹਾਂ ਨੂੰ ਕੰਮ ਨਹੀਂ ਦਿੱਤਾ। ਇਸ ਦੌਰਾਨ ਨਿੱਕੂ ‘ਤੇ ਇਹ ਵੀ ਇਲਜ਼ਾਮ ਲੱਗਦੇ ਰਹੇ ਕਿ ਉਹ ਨਸ਼ਾ ਕਰਦੇ ਹਨ, ਇਸ ਕਰਕੇ ਉਨ੍ਹਾਂ ਕੋਲ ਪੈਸਾ ਖਤਮ ਹੋ ਗਿਆ ਹੈ। ਨਿੱਕੂ ਨੇ ਦੱਸਿਆ ਕਿ ਉਹ ਛੋਟੇ ਮੋਟੇ ਸਟੇਜ ਸ਼ੋਅਜ਼ ਕਰਕੇ ਕਿਸੇ ਤਰ੍ਹਾਂ ਗੁਜ਼ਾਰਾ ਕਰ ਰਹੇ ਸੀ। ਉਨ੍ਹਾਂ ਨੇ ਕੰਮ ਲਈ ਕਈ ਥਾਈਂ ਧੱਕੇ ਖਾਧੇ, ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਸੁਣੀ। ਆਖਰ ਜਦੋਂ ਉਹ ਹਰ ਜਗ੍ਹਾ ਤੋਂ ਸੰਘਰਸ਼ ਕਰਕੇ ਥੱਕ ਗਏ ਤਾਂ ਉਨ੍ਹਾਂ ਨੇ ਮਜਬੂਰੀ ‘ਚ ਬਾਬੇ ਦਾ ਦਰਵਾਜ਼ਾ ਖੜਕਾਇਆ। ਇਸ ਤੋਂ ਬਾਅਦ ਉਨ੍ਹਾਂ ਦੀ ਵੀਡੀਓ ਵਾਇਰਲ ਹੋ ਗਈ ਅਤੇ ਵਿਵਾਦ ਖੜਾ ਹੋ ਗਿਆ। ਨਿੱਕੂ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਇੰਡਸਟਰੀ ਨੇ ਕੰਮ ਦਿੱਤਾ ਹੁੰਦਾ ਤਾਂ ਉਹ ਕਦੇ ਵੀ ਅਜਿਹਾ ਕਦਮ ਨਹੀਂ ਚੁੱਕਦੇ।